ਗਿੱਪੀ ਗਰੇਵਾਲ ਇੰਨੀਂ ਦਿਨੀਂ ਲਾਈਮਲਾਈਟ ‘ਚ ਬਣੇ ਹੋਏ ਹਨ। ਬੀਤੇ ਦਿਨ ਯਾਨਿ 2 ਸਤੰਬਰ ਨੂੰ ਗਿੱਪੀ ਗਰੇਵਾਲ ਦੀ ਫ਼ਿਲਮਯਾਰ ਮੇਰਾ ਤਿਤਲੀਆਂ ਵਰਗਾ` ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ‘ਕੈਰੀ ਆਨ ਜੱਟਾ -3’ ਚ ਨਜ਼ਰ ਆਉਣ ਵਾਲੇ ਹਨ। ਜਿਸ ਦੀ ਰਿਲੀਜ਼ ਡੇਟ ਦਾ ਖ਼ੁਲਾਸਾ ਵੀ ਕਰ ਦਿੱਤਾ ਗਿਆ ਹੈ। ਕੈਰੀ ਆਨ ਜੱਟਾ 3 ਦੀ ਸ਼ੂਟਿੰਗ ਲਈ ਪੂਰੀ ਕਾਸਟ ਅਤੇ ਕਰੂ ਲੰਡਨ ਪਹੁੰਚ ਚੁੱਕੇ ਹਨ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਕੈਰੀ ਆਨ ਜੱਟਾ 3 ਨੂੰ ਪਹਿਲਾਂ 25 ਜੂਨ 2021 ਨੂੰ ਰਿਲੀਜ਼ ਕਰਨ ਲਈ ਤਹਿ ਕੀਤਾ ਗਿਆ ਸੀ ਪਰ ਕੁਝ ਦੇਰੀ ਕਾਰਨ, ਇਹ ਹੁਣ 2023 ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਮੀਪ ਕੰਗ ਦੁਆਰਾ ਨਿਰਦੇਸ਼ਤ, ਹੰਬਲ ਮੋਸ਼ਨ ਪਿਕਚਰਜ਼ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਅਧੀਨ ਨਿਰਮਿਤ, ਕੈਰੀ ਆਨ ਜੱਟਾ 3 ਪ੍ਰਸਿੱਧ ਲੇਖਕ ਨਰੇਸ਼ ਕਥੂਰੀਆ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ 29 ਜੂਨ 2023 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੰ ਲੈ ਕੇ ਗਿੱਪੀ ਗਰੇਵਾਲ ਕਾਫੀ ਐਕਸਾਈਟਿਡ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ‘ਕੈਰੀ ਆਨ ਜੱਟਾ’ ਅਤੇ ‘ਕੈਰੀ ਆਨ ਜੱਟਾ-1’ ਰਿਲੀਜ਼ ਹੋਈ ਸੀ ।
ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਫ਼ਿਲਮ ਨੂੰ ਪੂਰੇ ਦੇਸ਼ ‘ਚ ਪੰਜਾਬੀ ਦੇ ਨਾਲ-ਨਾਲ ਹਿੰਦੀ, ਤਾਮਿਲ, ਤੇਲਗੂ ਅਤੇ ਸਾਊਥ ਦੀਆਂ ਹੋਰ ਭਾਸ਼ਾਵਾਂ ‘ਚ ਵੀ ਡੱਬ ਕੀਤੀ ਜਾਵੇਗੀ । ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਆਉਣ ਵਾਲੀ ਫਿਲਮ ਵਿੱਚ ਪਹਿਲਾਂ ਵਾਂਗ ਹੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਮਾਂ’ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।