ਪੰਜਾਬ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਹਿਮਾਂਸ਼ੀ ਖੁਰਾਣਾ ਨੇ ਵੀ ਬਿੱਗ ਬੌਸ ਦੇ ਘਰ ਤੋਂ ਹਿੰਦੀ ਇੰਡਸਟਰੀ ‘ਚ ਕਾਫੀ ਪਛਾਣ ਬਣਾਈ। ਬਿੱਗ ਬੌਸ ਦੇ ਘਰ ਪਹੁੰਚੀ ਹਿਮਾਂਸ਼ੀ ਦੀ ਖੂਬਸੂਰਤੀ ਦੇ ਸਭ ਦੀਵਾਨੇ ਹੋ ਗਏ। ਸ਼ੋਅ ਦੇ ਅੰਦਰ ਉਸ ਦਾ ਸਫਰ ਬਹੁਤ ਮਜ਼ੇਦਾਰ ਰਿਹਾ, ਜਿੱਥੇ ਬਾਕੀ ਸਾਰੇ ਘਰ ਵਾਲਿਆਂ ਦੀ ਤਰ੍ਹਾਂ ਉਸ ਦੀ ਵੀ ਲੜਾਈਆਂ ਹੋਈਆਂ, ਉੱਥੇ ਹੀ ਉਸ ਨੂੰ ਬਿੱਗ ਬੌਸ ਦੇ ਘਰ ਵਿੱਚ ਸੱਚਾ ਪਿਆਰ ਵੀ ਮਿਲਿਆ। ਅਦਾਕਾਰਾ ਹੋਣ ਦੇ ਨਾਲ-ਨਾਲ ਹਿਮਾਂਸ਼ੀ ਇੱਕ ਚੰਗੀ ਗਾਇਕਾ ਵੀ ਹੈ। ਅਦਾਕਾਰਾ ਨੂੰ ਪੰਜਾਬ ਦੀ ‘ਐਸ਼ਵਰਿਆ ਰਾਏ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 27 ਨਵੰਬਰ 1991 ਨੂੰ ਜਨਮੀ ਹਿਮਾਂਸ਼ੀ ਅੱਜ 31 ਸਾਲ ਦੀ ਹੋ ਗਈ ਹੈ।
ਇਸ ਖੂਬਸੂਰਤ ਐਕਟਰਸ ਨੂੰ ਕੁਝ ਲੋਕ ਪੰਜਾਬ ਦੀ ਧੜਕਣ ਵੀ ਕਹਿੰਦੇ ਹਨ। ਹਿਮਾਂਸ਼ੀ ਖੁਰਾਣਾ ਮੂਲ ਰੂਪ ‘ਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। ਉਸਨੇ ਕਈ ਪੰਜਾਬੀ ਫਿਲਮਾਂ ਅਤੇ ਸੰਗੀਤ ਐਲਬਮਾਂ ਵਿੱਚ ਕੰਮ ਕੀਤਾ। ਉਸ ਨੂੰ ਪੰਜਾਬੀ ਫ਼ਿਲਮ ‘ਸਾਡਾ ਹੱਕ’ ਤੋਂ ਵੱਡੀ ਪਛਾਣ ਮਿਲੀ, ਜਿਸ ‘ਚ ਉਸ ਨੇ ਲੀਡ ਕਿਰਦਾਰ ਵਜੋਂ ਕੰਮ ਕੀਤਾ। ਹਿਮਾਂਸ਼ੀ ਨੇ 12ਵੀਂ ਜਮਾਤ ਬੀਸੀਐਮ ਸਕੂਲ ਲੁਧਿਆਣਾ ਤੋਂ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ। ਜਦੋਂ ਹਿਮਾਂਸ਼ੀ 11ਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਉਸ ਦੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਤੈਨੂੰ ਮਾਡਲਿੰਗ ‘ਚ ਜਾਣਾ ਚਾਹੀਦਾ ਹੈ ਕਿਉਂਕਿ ਤੇਰਾ ਚਿਹਰਾ ਬਹੁਤ ਪਿਆਰਾ ਹੈ। ਉਸਨੇ 16 ਸਾਲ ਦੀ ਉਮਰ ਵਿੱਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।
ਇਸ ਤੋਂ ਬਾਅਦ ਹਿਮਾਂਸ਼ੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਿਮਾਂਸ਼ੀ ਨੇ 2009 ‘ਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ ਸੀ। ਹਿਮਾਂਸ਼ੀ 2010 ਵਿੱਚ ਮਿਸ ਨਾਰਥ ਜ਼ੋਨ ਦੀ ਜੇਤੂ ਰਹੀ ਸੀ। ਹਿਮਾਂਸ਼ੀ ਖੁਰਾਣਾ ਨੇ ਜੱਸੀ ਗਿੱਲ, ਬਾਦਸ਼ਾਹ, ਜੇ ਸਟਾਰ ਨਿੰਜਾ, ਮਨਕੀਰਤ ਔਲਖ ਅਤੇ ਹੋਰ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ। ਦੱਸ ਦਈਏ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਆਪਸੀ ਦੁਸ਼ਮਣੀ ਕਾਰਨ ਕਾਫੀ ਵਿਵਾਦਾਂ ‘ਚ ਰਹੇ ਸਨ। ਦਰਅਸਲ, ਸ਼ਹਿਨਾਜ਼ ਗਿੱਲ ਨੇ ਲਾਈਵ ਹੋ ਕੇ ਹਿਮਾਂਸ਼ੀ ਖੁਰਾਣਾ ਦੇ ਗੀਤ ‘ਆਈ ਲਾਈਕ ਇਟ’ ਨੂੰ ਸਭ ਤੋਂ ਖਰਾਬ ਗੀਤ ਕਿਹਾ ਸੀ।












