ਹਰਿਆਣਾ ਦੇ ਸੋਨੀਪਤ ‘ਚ ਮੰਗਲਵਾਰ ਰਾਤ ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ.) ਐਕਸਪ੍ਰੈੱਸ ਵੇਅ ‘ਤੇ ਹੋਏ ਸੜਕ ਹਾਦਸੇ ‘ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸ ਦੀ ਪ੍ਰੇਮਿਕਾ ਰੀਨਾ ਰਾਏ ਚਰਚਾ ‘ਚ ਹੈ। ਹਾਦਸੇ ਸਮੇਂ ਰੀਨਾ ਵੀ ਕਾਰ ਵਿੱਚ ਸੀ ਪਰ ਉਹ ਵਾਲ-ਵਾਲ ਬਚ ਗਈ। ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਰੀਨਾ ਦਾ ਨਾਂ ਰਾਜਵਿੰਦਰ ਕੌਰ ਅਤੇ ਉਸਦੇ ਪਿਤਾ ਦਾ ਨਾਂ ਅਮਰਜੀਤ ਸਿੰਘ ਹੈ।
ਫਿਲਹਾਲ ਰੀਨਾ ਉਰਫ ਰਾਜਵਿੰਦਰ ਮੁੰਬਈ ਦੇ ਓਮ ਕੈਸਲ ਗੁਲਮੋਹਰ ਜੁਹੂ ਕਰਾਸ ਰੋਡ ‘ਤੇ ਰਹਿ ਰਹੀ ਸੀ। ਪੁਲਿਸ ਐਫਆਈਆਰ ਵਿੱਚ ਉਸਦਾ ਪਤਾ ਵੀ ਦਰਜ ਕੀਤਾ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਹਾਦਸੇ ਵਿੱਚ ਉਸ ਨੂੰ ਦੋ ਸੱਟਾਂ ਲੱਗੀਆਂ ਹਨ। ਸੋਨੀਪਤ ਹਾਦਸੇ ‘ਚ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਐੱਸਪੀ ਸੋਨੀਪਤ ਰਾਹੁਲ ਸ਼ਰਮਾ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀ ਰੀਨਾ ਤੋਂ ਪੁੱਛਗਿੱਛ ਕੀਤੀ ਗਈ ਹੈ, ਜਿਸ ‘ਚ ਉਸ ਨੇ ਇਸ ਨੂੰ ਹਾਦਸਾ ਦੱਸਿਆ ਹੈ।
ਰੀਨਾ 13 ਫਰਵਰੀ ਨੂੰ ਅਮਰੀਕਾ ਤੋਂ ਵਾਪਸ ਆਈ ਸੀ। ਉਸ ਕੋਲ ਅਮਰੀਕਾ ਦਾ ਪਾਸਪੋਰਟ ਹੈ। ਫਿਲਹਾਲ ਰੀਨਾ ਦਾ ਦਿੱਲੀ ‘ਚ ਇਲਾਜ ਚੱਲ ਰਿਹਾ ਹੈ। ਰੀਨਾ ਅਤੇ ਦੀਪ ਸਿੱਧੂ ਦੀ ਮੁਲਾਕਾਤ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ। ਹਾਲਾਂਕਿ ਰੀਨਾ ਕਦੇ ਫਿਲਮਾਂ ‘ਚ ਨਹੀਂ ਆਉਣਾ ਚਾਹੁੰਦੀ ਸੀ। ਉਸ ਕੋਲ ਫਿਜ਼ੀਸ਼ੀਅਨ ਦੀ ਡਿਗਰੀ ਵੀ ਹੈ। ਜਦੋਂ ਉਸਨੂੰ 2014 ਵਿੱਚ ਮਿਸ ਸਾਊਥ ਏਸ਼ੀਆ ਯੂਐਸਏ ਚੁਣਿਆ ਗਿਆ, ਤਾ ਰੀਨਾ ਨੇ ਅਦਾਕਾਰੀ ਦੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।