ਸੁਪਰਹਿੱਟ ਫਿਲਮਾਂ ਆਸ਼ਿਕੀ ਅਤੇ ਆਸ਼ਿਕੀ 2 ਤੋਂ ਬਾਅਦ ਹੁਣ ਆਸ਼ਿਕੀ 3 ਦਾ ਐਲਾਨ ਕੀਤਾ ਗਿਆ ਹੈ। ਹਾਲ ਹੀ ‘ਚ ਖਬਰ ਆਈ ਸੀ ਕਿ ਅਨੁਰਾਗ ਬਾਸੂ ਇਸ ਫਿਲਮ ਨੂੰ ਡਾਇਰੈਕਟ ਕਰਨ ਜਾ ਰਹੇ ਹਨ ਅਤੇ ਫਿਲਮ ‘ਚ ਕਾਰਤਿਕ ਆਰੀਅਨ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਹਾਲਾਂਕਿ ਫਿਲਮ ‘ਚ ਕਾਰਤਿਕ ਆਰੀਅਨ ਦੇ ਨਾਲ ਕੌਣ ਨਜ਼ਰ ਆਉਣ ਵਾਲਾ ਹੈ, ਇਸ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ। ਪਰ ਚਰਚਾ ਹੈ ਕਿ ਫਿਲਮ ਆਸ਼ਿਕੀ 3 ‘ਚ ਜੈਨੀਫਰ ਵਿੰਗੇਟ ਮੁੱਖ ਭੂਮਿਕਾ ‘ਚ ਨਜ਼ਰ ਆ ਸਕਦੀ ਹੈ। ਆਸ਼ਿਕੀ 3 1990 ਦੀ ਫਿਲਮ ਆਸ਼ਿਕੀ ਅਤੇ 2013 ਦੀ ਫਿਲਮ ਆਸ਼ਿਕੀ 2 ਦਾ ਤੀਜਾ ਭਾਗ ਹੈ। ਇਸ ਫਿਲਮ ਦੇ ਨਿਰਦੇਸ਼ਕ ਅਨੁਰਾਗ ਬਾਸੂ ਹਨ। ਆਸ਼ਿਕੀ ਵਿੱਚ ਰਾਹੁਲ ਰਾਏ ਅਤੇ ਅਨੁ ਅਗਰਵਾਲ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਤੋਂ ਬਾਅਦ ਆਦਿਤਿਆ ਰਾਏ ਕਪੂਰ ਅਤੇ ਸ਼ਰਧਾ ਕਪੂਰ ਆਸ਼ਿਕੀ 2 ਵਿੱਚ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ।
ਹੁਣ ਆਸ਼ਿਕੀ 3 ਵਿੱਚ ਕਾਰਤਿਕ ਆਰੀਅਨ ਮੁੱਖ ਕਿਰਦਾਰ ਵਿੱਚ ਹਨ। ਮੀਡੀਆ ਰਿਪੋਰਟਸ ਮੁਤਾਬਕ ਇਸ ਫਿਲਮ ‘ਚ ਕਾਰਤਿਕ ਆਰੀਅਨ ਅਤੇ ਜੈਨੀਫਰ ਵਿੰਗੇਟ ਇਕੱਠੇ ਨਜ਼ਰ ਆ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਜੈਨੀਫਰ ਵਿੰਗੇਟ ਇਸ ਫਿਲਮ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰ ਸਕਦੀ ਹੈ। ਹਾਲਾਂਕਿ ਅਜੇ ਤੱਕ ਨਿਰਮਾਤਾਵਾਂ ਅਤੇ ਅਦਾਕਾਰਾ ਨੇ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਅਨੁਰਾਗ ਬਾਸੂ ਨੇ ਵੀ ਫਿਲਮ ‘ਚ ਜੈਨੀਫਰ ਦੀ ਐਂਟਰੀ ‘ਤੇ ਆਪਣੀ ਚੁੱਪੀ ਤੋੜੀ ਹੈ। ਇਸ ਬਾਰੇ ਅਨੁਰਾਗ ਬਾਸੂ ਦਾ ਕਹਿਣਾ ਹੈ ਕਿ ਮੈਂ ਵੀ ਇਸ ਤਰੀਕੇ ਦੀਆਂ ਅਫਵਾਹਾਂ ਸੁਣੀਆਂ ਹਨ। ਹਾਲਾਂਕਿ, ਅਸੀਂ ਫਿਲਮ ਦੇ ਸ਼ੁਰੂਆਤੀ ਪੜਾਅ ਵਿੱਚ ਹਾਂ ਅਤੇ ਇਸ ਨੂੰ ਬਣਾਉਣ ਦੇ ਪਹਿਲੂਆਂ ਨੂੰ ਦੇਖ ਰਹੇ ਹਾਂ। ਅਨੁਰਾਗ ਬਾਸੂ ਨੇ ਅੱਗੇ ਕਿਹਾ ਕਿ ਇੱਕ ਵਾਰ ਕਾਸਟਿੰਗ ਹੋ ਜਾਵੇਗੀ ਤਾਂ ਚੀਜ਼ਾਂ ਸਾਹਮਣੇ ਆ ਜਾਣਗੀਆਂ।












