ਪੰਜਾਬੀ ਅਦਾਕਾਰ ਦੇਵ ਖਰੌੜ, ਜਿੰਮੀ ਸ਼ੇਰਗਿੱਲ ਅਤੇ ਯੋਗਰਾਜ ਸਿੰਘ ਸਟਾਰਰ ਫਿਲਮ ‘ਸ਼ਰੀਕ 2’ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਸੀ। ਪਰ ਕਿਸੇ ਕਾਰਨਾਂ ਕਰਕੇ ਇੱਕ ਵਾਰ ਫਿਰ ਤੋਂ ਫ਼ਿਲਮ ਦੀ ਰਿਲੀਜ਼ ਡੇਟ ਨੂੰ ਬਦਲਿਆ ਗਿਆ ਹੈ। ਪਰ ਇਹ ਦਰਸ਼ਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਹ ਹੁਣ 29 ਜੁਲਾਈ ਦੀ ਥਾਂ ਹੁਣ 24 ਜੂਨ ਨੂੰ ਰਿਲੀਜ਼ ਹੋਵੇਗੀ। ਜਿਸ ਨੂੰ ਜਾਣਕੇ ਦਰਸ਼ਕਾਂ ਬਹੁਤ ਉਤਸ਼ਾਹਿਤ ਹਨ।
ਦੱਸ ਦੇਈਏ ਕਿ ਇਹ ਫਿਲਮ ਪਾਲੀਵੁੱਡ ਦੇ ਬਹੁਤ ਹੀ ਉਡੀਕੇ ਜਾ ਰਹੇ ਸੀਕਵਲਾਂ ਵਿੱਚੋਂ ਇੱਕ ਹੈ, ਜੋ ਕਿ ਕੋਵਿਡ-19 ਸੰਕਟ ਕਾਰਨ ਦੇਰੀ ਨਾਲ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਇੱਕ ਪਰਿਵਾਰਕ ਡਰਾਮੇ, ਬਹੁਤ ਸਾਰੀਆਂ ਭਾਵਨਾਵਾਂ ਅਤੇ ਐਕਸ਼ਨ ਨਾਲ ਭਰਪੂਰ ਹੈ। ਕਈ ਤਰੀਕਾਂ ਬਦਲਣ ਤੋਂ ਬਾਅਦ, ਹੁਣ ਫਿਲਮ ਨਿਰਮਾਤਾਵਾਂ ਨੇ ਇਸ ਘੋਸ਼ਣਾ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ‘ਸ਼ਰੀਕ 2’ ਨੂੰ ਵਾਇਟ ਹਿੱਲ ਸਟੂਡੀਓਜ਼, ਥਿੰਦ ਮੋਸ਼ਨ ਫਿਲਮਜ਼ ਅਤੇ ਓਹਰੀ ਪ੍ਰੋਡਕਸ਼ਨ ਦੇ ਸਹਿਯੋਗੀ ਬੈਨਰ ਹੇਠ ਪੇਸ਼ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ ਅਤੇ ਇਸਦਾ ਨਿਰਦੇਸ਼ਨ ਨਵਨੀਅਤ ਸਿੰਘ (Navaniat Singh) ਨੇ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਪਹਿਲਾ ਭਾਗ ਸਾਲ 2015 ਵਿੱਚ ਰਿਲੀਜ਼ ਹੋਇਆ ਸੀ, ਜਿਸ ਵਿੱਚ ਜਿੰਮੀ ਸ਼ੇਰਗਿੱਲ, ਮਾਹੀ ਗਿੱਲ, ਗੁੱਗੂ ਗਿੱਲ, ਅਤੇ ਮੁਕੁਲ ਦੇਵ ਸਨ। ਇਹ ਫਿਲਮ ਆਪਣੀ ਰਿਲੀਜ਼ ਦੇ ਨਾਲ ਹੀ ਪ੍ਰਸ਼ੰਸਕਾਂ ਦੀ ਪਸੰਦੀਦਾ ਬਣ ਗਈ ਸੀ। ਜਿਸ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਇਸ ਕਾਰਨ ਇਸਦਾ ਸੀਕਵਲ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ। ਹੁਣ ਰਿਲੀਜ਼ ਤੋਂ ਬਾਅਦ ਇਹ ਫਿਲਮ ਪਰਦੇ ਉੱਤੇ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬਹੁਤ ਮਜ਼ੇਦਾਰ ਰਹੇਗਾ।












