ਵਿਵਾਦਾਂ ਵਿੱਚ ਘਿਰੀ ਰਹਿਣ ਵਾਲੀ ਕੰਗਨਾ ਰਣੌਤ ਨੇ ਇਕ ਵਾਰ ਫਿਰ ਆਪਣੇ ਇਕ ਬਿਆਨ ਨਾਲ ਮੁਸੀਬਤ ਖੜ੍ਹੀ ਕਰ ਲਈ ਹੈ। ਬੰਬਈ ਹਾਈ ਕੋਰਟ ਨੇ ਕੰਗਨਾ ਰਣੌਤ ਨੂੰ 22 ਦਸੰਬਰ ਸੋਮਵਾਰ ਨੂੰ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਮੁੰਬਈ ਹਾਈ ਕੋਰਟ ਨੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੀ ਸੁਣਵਾਈ ਕਰਦੇ ਹੋਏ ਉਸ ਨੂੰ 22 ਦਸੰਬਰ ਤੋਂ ਪਹਿਲਾਂ ਮੁੰਬਈ ਪੁਲਸ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਦਰਅਸਲ, ਕੰਗਨਾ ਰਣੌਤ ਨੇ ਸਰਕਾਰ ਦੁਆਰਾ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿਵਾਦਿਤ ਬਿਆਨ ਬਾਜੀ ਕੀਤੀ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ, ”ਖਾਲਿਸਤਾਨੀ ਅੱਤਵਾਦੀਆਂ ਨੇ ਅੱਜ ਸਰਕਾਰ ਦੀ ਬਾਂਹ ਮਰੋੜ ਦਿੱਤੀ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਮਹਿਲਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਸੀ। ਭਾਵੇਂ ਇਸ ਕਾਰਨ ਦੇਸ਼ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋਇਆ ਹੋਵੇ। ਇਸ ਬਿਆਨ ਤੋਂ ਬਾਅਦ ਦਿੱਲੀ, ਮੁੰਬਈ ਅਤੇ ਹੋਰ ਥਾਵਾਂ ‘ਤੇ ਵੱਖ-ਵੱਖ ਸੰਗਠਨਾਂ ਵੱਲੋਂ ਕੰਗਨਾ ਖਿਲਾਫ ਐੱਫ.ਆਈ.ਆਰ. ਦਰਜ਼ ਕਰਵਾਈਆਂ ਗਈਆ। ਆਪਣੇ ਵਿਵਾਦਿਤ ਬਿਆਨਾਂ ਕਾਰਨ ਅਦਾਲਤ ਵਿੱਚ ਕਈ ਕੇਸਾਂ ਦਾ ਸਾਹਮਣਾ ਕਰ ਰਹੀ ਕੰਗਨਾ ਹੁਣ ਇਸ ਨਵੇਂ ਮਾਮਲੇ ਵਿੱਚ ਮੁਸੀਬਤ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਇਸ ਬਿਆਨ ਤੋਂ ਬਾਅਦ ਲੋਕਾਂ ਨੇ ਕੰਗਨਾ ‘ਤੇ ਮਾਨਸਿਕ ਰੋਗੀ ਹੋਣ ਦਾ ਦੋਸ਼ ਵੀ ਲਗਾਇਆ ਸੀ।