ਫਿਲਮ ਅਦਾਕਾਰਾ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐਲ ਰਾਹੁਲ ਅੱਜ ਯਾਨੀ ਸੋਮਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਆਥੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ‘ਚ ਜੋੜਾ ਇਕ-ਦੂਜੇ ਦਾ ਹੱਥ ਫੜ ਕੇ ਸੱਤ ਫੇਰੇ ਲੈਂਦਾ ਨਜ਼ਰ ਆ ਰਿਹਾ ਹੈ। ਆਥੀਆ ਨੇ ਲਿਖਿਆ, ‘ਮੈਂ ਤੁਹਾਡੀ ਰੌਸ਼ਨੀ ‘ਚ ਪਿਆਰ ਕਰਨਾ ਸਿੱਖਿਆ ਹੈ।’

ਵਿਆਹ ‘ਚ ਸਿਰਫ 100 ਲੋਕ ਹੀ ਸ਼ਾਮਲ ਹੋਏ ਸਨ, ਜਿਨ੍ਹਾਂ ‘ਚ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸ਼ਾਮਲ ਸਨ। ਸਮਾਗਮ ‘ਚ ਆਥੀਆ ਦੇ ਖਾਸ ਦੋਸਤ ਕ੍ਰਿਸ਼ਨਾ ਸ਼ਰਾਫ, ਅੰਸ਼ੁਲਾ ਕਪੂਰ, ਡਾਇਨਾ ਪੇਂਟੀ, ਕ੍ਰਿਕਟਰ ਇਸ਼ਾਂਤ ਸ਼ਰਮਾ ਅਤੇ ਵਰੁਣ ਆਰੋਨ ਵੀ ਮੌਜੂਦ ਸਨ। ਇੱਥੇ ਸਾਰੇ ਮਹਿਮਾਨਾਂ ਦੇ ਹੱਥਾਂ ਵਿੱਚ ਇੱਕ ਲਾਲ ਬੈਂਡ ਬੰਨਿਆ ਹੋਇਆ ਸੀ, ਤਾਂ ਜੋ ਪਤਾ ਲੱਗ ਸਕੇ ਕਿ ਉਹ ਸੱਦੇ ਗਏ ਹਨ। ਇਸ ਬੈਂਡ ਤੋਂ ਬਿਨਾਂ ਕੋਈ ਅੰਦਰ ਨਹੀਂ ਜਾ ਸਕਦਾ ਸੀ। ਵਿਆਹ ਵਾਲੀ ਥਾਂ ਦੇ ਬਾਹਰ ਵੀ ਸਖ਼ਤ ਸੁਰੱਖਿਆ ਚੈਕਿੰਗ ਕੀਤੀ ਗਈ।

ਸਾਰੇ ਕ੍ਰਿਕਟਰ ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਇਸ ਸਮੇਂ ਭਾਰਤ-ਨਿਊਜ਼ੀਲੈਂਡ ਕ੍ਰਿਕਟ ਸੀਰੀਜ਼ ਵਿੱਚ ਰੁੱਝੇ ਹੋਏ ਹਨ। ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ IPL (ਇੰਡੀਅਨ ਪ੍ਰੀਮੀਅਰ ਲੀਗ) ਦੇ ਖਤਮ ਹੋਣ ਤੋਂ ਬਾਅਦ ਦੋਵੇਂ ਮਈ ‘ਚ ਸਾਰੇ ਕ੍ਰਿਕਟਰਾਂ ਲਈ ਸ਼ਾਨਦਾਰ ਰਿਸੈਪਸ਼ਨ ਕਰਨਗੇ। ਕੇਐੱਲ ਰਾਹੁਲ ਦੇ ਖਾਸ ਦੋਸਤ ਵਿਰਾਟ ਕੋਹਲੀ ਵਿਆਹ ‘ਚ ਸ਼ਾਮਲ ਨਹੀਂ ਹੋਏ ਕਿਉਂਕਿ ਉਨ੍ਹਾਂ ਨੂੰ ਅੱਜ ਇੰਦੌਰ ‘ਚ ਦੇਖਿਆ ਗਿਆ। ਉਹ ਉੱਥੇ ਭਾਰਤ-ਨਿਊਜ਼ੀਲੈਂਡ ਮੈਚ ਵਿੱਚ ਰੁੱਝੇ ਹੋਏ ਹਨ। ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਮਹਿਮਾਨਾਂ ਨੂੰ ਖਾਣਾ ਪਲੇਟਾਂ ਵਿੱਚ ਨਹੀਂ ਸਗੋਂ ਕੇਲੇ ਦੇ ਪੱਤਿਆਂ ਵਿੱਚ ਪਰੋਸਿਆ ਗਿਆ ਸੀ। ਖਾਣੇ ਵਿੱਚ ਸਾਊਥ ਇੰਡੀਅਨ ਪਕਵਾਨ ਰੱਖੇ ਗਏ ਸਨ।












