ਰਿਐਲਿਟੀ ਸ਼ੋਅ ਬਿੱਗ ਬੌਸ 15 ਸੁਰਖੀਆਂ ਵਿੱਚ ਹੈ ਕਿਉਂਕਿ ਹੁਣ ਇਹ ਸ਼ੋਅ ਜਲਦੀ ਹੀ ਖਤਮ ਹੋਣ ਵਾਲਾ ਹੈ। ਕੁਝ ਹੀ ਦਿਨਾਂ ‘ਚ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਣ ਵਾਲਾ ਹੈ, ਜਿਸ ‘ਚ ਘਰ ‘ਚ ਮੌਜੂਦ ਕੰਟੈਸਟੈਂਟ ‘ਚੋਂ ਕੋਈ ਇਕ ਵਿਜੇਤਾ ਬਣ ਕੇ ਸਾਹਮਣੇ ਆਵੇਗਾ। ਪਰ ਇਸ ਤੋਂ ਪਹਿਲਾਂ ਵੀ ਮੇਕਰਸ ਸ਼ੋਅ ਨੂੰ ਮਜ਼ੇਦਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸੇ ਲਈ ਇਸ ਵਾਰ ਵੀ ‘ਵੀਕੈਂਡ ਦੀ ਵਾਰ’ ‘ਚ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਇਸ ਹਫ਼ਤੇ ਵੀਕੈਂਡ ਦੇ ਵਾਰ ‘ਤੇ ਸਲਮਾਨ ਖ਼ਾਨ, ਗਾਇਕ ਮੀਕਾਂ ਸਿੰਘ ਨਾਲ ਭੰਗੜਾ ਪਾਉਣ ਤੇ ਢੋਲ ਵਜਾਉਣ ਵਿੱਚ ਸਾਂਝੇਦਾਰੀ ਕਰਦੇ ਨਜ਼ਰ ਆਏ।
ਸ਼ੋਅ ‘ਚ ਆਉਣ ਤੋਂ ਬਾਅਦ ਮੀਕਾ ਸਿੰਘ ਸਲਮਾਨ ਖ਼ਾਨ ਨੂੰ ਕਹਿੰਦੇ ਹਨ ਕਿ ਮੈਂ ਤੁਹਾਡੀ ਫਿਲਮ ‘ਅੰਤਿਮ’ ਦੇਖੀ ਸੀ, ਜਿਸ ‘ਚ ਤੁਸੀਂ ਸਰਦਾਰ ਬਣੇ ਹੋ। ਤੁਸੀਂ ਬਹੁਤ ਪਿਆਰੇ ਸਰਦਾਰ ਲੱਗਦੇ ਹੋ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਥੋੜੀ ਮਸਤੀ ਤੇ ਜੋਸ਼ ਵਾਲੇ ਸਰਦਾਰ ਬਣੋ। ਮੀਕਾ ਦੀ ਇਸ ਗੱਲ ‘ਤੇ ਸਲਮਾਨ ਖਾਨ ਨੇ ‘ਹਾਂ’ ‘ਚ ਜਵਾਬ ਦਿੱਤਾ। ਇੱਥੇ ਮੀਕਾ ਸਿੰਘ ਆਪਣੇ ਗੀਤ ‘ਮਜਨੂੰ’ ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ। ਮੀਕਾ ਨੇ ਸ਼ੋਅ ‘ਚ ਧਮਾਕੇਦਾਰ ਐਂਟਰੀ ਲੈ ਕੇ ਕਈ ਗੀਤ ਗਾਏ ਅਤੇ ਫਿਰ ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ਡਾਂਸ ਵੀ ਕੀਤਾ। ਇੰਨਾ ਹੀ ਨਹੀਂ ਸ਼ੋਅ ਦੇ ਵਿਚਾਲੇ ਮੀਕਾ ਨੇ ਸਲਮਾਨ ਖ਼ਾਨ ਨੂੰ ਭੰਗੜਾ ਸਿਖਾਇਆ। ਬਿੱਗ ਬੌਸ 15 ਵਿੱਚ ਮੀਕਾ ਨੂੰ ਦੇਖ ਕੇ ਰਾਖੀ ਸਾਵੰਤ ਇੱਕ ਪਲ ਲਈ ਕਾਫੀ ਹੈਰਾਨ ਰਹਿ ਗਈ। ਸਲਮਾਨ ਵੀ ਰਾਖੀ ਨਾਲ ਮਸਤੀ ਕਰਨ ਦਾ ਮੌਕਾ ਨਹੀਂ ਗੁਆਉਂਦੇ। ਸਲਮਾਨ ਹੱਸਦੇ ਹੋਏ ਰਾਖੀ ਨੂੰ ਕਹਿੰਦੇ ਹਨ – ਤੁਹਾਡਾ ਫ਼ੇਵਰੇਟ ਆ ਗਿਆ।











