ਚੰਡੀਗੜ੍ਹ: 28 ਅਕਤੂਬਰ 2022 ਮਸ਼ਹੂਰ ਅਤੇ ਦਿੱਗਜ ਪੰਜਾਬੀ ਅਭਿਨੇਤਰੀ ਨਿਰਮਲ ਰਿਸ਼ੀ ਨੇ 2024 ਵਿੱਚ ਰਿਲੀਜ਼ ਹੋਣ ਵਾਲੀ ਆਪਣੀ ਫਿਲਮ “ਮਾਂ ਹੁੰਦੀ ਹੈ ਮਾਂ” ਦਾ ਪੋਸਟਰ ਸਾਂਝਾ ਕੀਤਾ ਹੈ ਜੋ ਯੋਗਮਾਯਾ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਹਾਸਰਸ-ਥ੍ਰਿਲਰ “ਓ ਮਾਈ ਪਿਓ ਜੀ-2014” ਅਤੇ “ਕਾਕੇ ਦਾ ਵਿਆਹ-2019” ਦੇ ਨਿਰਦੇਸ਼ਕ ਅਤੇ ਨਿਰਮਾਤਾ ਰਾਏ ਯੁਵਰਾਜ ਬੈਂਸ ਦੁਆਰਾ ਨਿਰਦੇਸ਼ਤ ਹੈ। ਵਿਨੀਤ ਉਪਾਧਿਆਏ, ਨੇ ਇਸ ਫਿਲਮ ਵਿੱਚ ਕਾਰਜਕਾਰੀ ਨਿਰਮਾਤਾ ਵਜੋਂ ਕੰਮ ਕੀਤਾ ਹੈ। ਫਿਲਮ ਬਾਰੇ ਗੱਲ ਕਰੀਏ ਤਾਂ ਇਹ ਉਹਨਾਂ ਮਾਪਿਆਂ ਦੇ ਦਰਦਨਾਕ ਸਫ਼ਰ ਨੂੰ ਉਜਾਗਰ ਕਰਦੀ ਹੈ ਜੋ ਪੰਜਾਬ ਵਿੱਚ ਆਪਣੀ ਖੁਸ਼ਹਾਲ ਜ਼ਿੰਦਗੀ ਛੱਡ ਕੇ ਆਪਣੇ ਬੱਚਿਆਂ ਨਾਲ ਵਧੀਆ ਸਮਾਂ ਬਿਤਾਉਣ ਲਈ ਵਿਦੇਸ਼ ਵਿੱਚ ਜਾਂਦੇ ਹਨ।
ਪਰ ਹਕੀਕਤ ਇਸਦੇ ਉਲਟ ਉਦਾਸੀ ਨੂੰ ਦਰਸ਼ਾਉਂਦੀ ਹੈ ਜਿੱਥੇ ਮਾਪੇ ਆਪਣੇ ਬੱਚਿਆਂ ਦੇ ਘਰ ਦੀ ਅਤੇ ਆਪਣੇ ਪੋਤਿਆਂ ਦੀ ਦੇਖਭਾਲ ਕਰਨ ਲਈ ਘਰ ਵਿੱਚ ਇਕੱਲੇ ਰਹਿ ਜਾਂਦੇ ਹਨ। ਮਾਪਿਆਂ ਦੀ ਜ਼ਿੰਦਗੀ ਵਿੱਚ ਹਮੇਸ਼ਾਂ ਇੱਕ ਵਿਸ਼ੇਸ਼ ਸਥਾਨ ਹੁੰਦਾ ਹੈ ਜੋ ਬੱਚਿਆਂ ਦੀ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਟੁੱਟਦਾ ਜਾਪਦਾ ਹੈ। ਨਿਰਮਲ ਰਿਸ਼ੀ ਇੱਕ ਨਿਪੁੰਨ ਅਭਿਨੇਤਰੀ ਹੈ ਜੋ ਫਿਲਮਾਂ ਵਿੱਚ ਆਪਣੇ ਦਮਦਾਰ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਫਿਲਮ ‘ਮਾਂ ਹੁੰਦੀ ਹੈ ਮਾਂ’ ਉਨ੍ਹਾਂ ਮਾਵਾਂ ਨੂੰ ਸਮਰਪਿਤ ਹੈ ਜੋ ਆਪਣੇ ਬੱਚਿਆਂ ਦੇ ਭਲੇ ਲਈ ਆਪਣਾ ਬਲਿਦਾਨ ਦਿੰਦੀਆਂ ਹਨ। ਆਖਰਕਾਰ, ਜਦੋਂ ਬੱਚੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ ਤਾਂ ਉਨ੍ਹਾਂ ਵਿਚਕਾਰ ਪਿਆਰ ਅਤੇ ਦੇਖਭਾਲ ਦਾ ਮਜ਼ਬੂਤ ਬੰਧਨ ਕਮਜ਼ੋਰ ਹੋ ਜਾਂਦਾ ਹੈ।
ਫਿਲਮ ਮਾਂ ਬਣਨ ਦੇ ਸਾਰੇ ਪਹਿਲੂਆਂ ਦਾ ਇੱਕ ਅਨਮੋਲ ਅੰਸ਼ ਹੈ ਜੋ ਸਾਨੂੰ ਇਸ ਗੱਲ ਦੀ ਅਸਲ ਤਸਵੀਰ ਪ੍ਰਦਾਨ ਕਰੇਗੀ ਕਿ ਇੱਕ ਮਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਕਿਸ ਹੱਦ ਤੱਕ ਲੰਘ ਸਕਦੀ ਹੈ। ਫਿਲਮ ਬਾਰੇ ਗੱਲ ਕਰਦੇ ਹੋਏ ਨਿਰਮਲ ਰਿਸ਼ੀ ਨੇ ਕਿਹਾ, ”ਵਿਦੇਸ਼ ਵਿਚ ਰਹਿੰਦੇ ਮਾਤਾ-ਪਿਤਾ ਨੂੰ ਜਿਸ ਤਰ੍ਹਾਂ ਦੀਆਂ ਸੰਵੇਦਨਸ਼ੀਲ ਭਾਵਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਫਿਲਮ ਵਿਚ ਦਿਖਾਇਆ ਜਾਵੇਗਾ। ਫਿਲਮ ਦੀ ਕਹਾਣੀ ਸੁਣ ਕੇ ਅਤੇ ਇਸ ਵਿਚ ਮਾਂ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਇੱਕ ਅਹਿਮ ਮੌਕਾ ਹੈ। ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕਾਂ ਨੂੰ ਇਹ ਫਿਲਮ ਜਰੂਰ ਪਸੰਦ ਆਵੇਗੀ।ਫਿਲਮ ਦਾ ਨਾਮ ”ਮਾਂ ਹੁੰਦੀ ਹੈ ਮਾਂ” ਅਸਲੀਅਤ ਨੂੰ ਆਪਣੇ ਆਪ ਵਿੱਚ ਪੇਸ਼ ਕਰਦੀ ਹੈ ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।