ਤਰਨ-ਤਾਰਨ, 8 ਦਸੰਬਰ 2021 – ਪੰਜਾਬੀ ਅਦਾਕਾਰਾ ਅਤੇ ਗਾਇਕਾ ਸੋਨੀ ਮਾਨ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਹਮਲਾ ਕਰਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਇਸ ਹਮਲੇ ‘ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਹਮਲਾ ਸੋਨੀ ਮਾਨ ਦੇ ਤਰਨਤਾਰਨ ਸਥਿਤ ਘਰ ‘ਤੇ ਹੋਇਆ ਹੈ ਜਿਸ ‘ਚ ਉਹ ਰਹਿੰਦੀ ਹੈ।
ਇਸ ਹਮਲੇ ਤੋਂ ਬਾਅਦ ਸੋਨੀ ਮਾਨ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੋਸ਼ ਲਗਾਇਆ ਹੈ ਕਿ ਲੱਖਾ ਸਿਧਾਣਾ ਨੇ ਉਸ ‘ਤੇ ਹਮਲਾ ਕਰਵਾਇਆ ਹੈ। ਸੋਨੀ ਮਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕੇ ਉਸ ਦਾ ਇੱਕ ਗੀਤ 5 ਦਸੰਬਰ ਨੂੰ ਰਿਲੀਜ਼ ਹੋਇਆ ਸੀ ਜਿਸ ਤੋਂ ਬਾਅਦ ਲੱਖਾ ਸਿਧਾਣਾ ਵੱਲੋਂ ਗਾਣੇ ਨੂੰ ਗਾਣਾ ਡਿਲੀਟ ਕਰਨ ਦੀਆਂ ਧਮਕੀਆਂ ਮਿਲੀਆਂ ਸੀ।
ਉਧਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਰੀ ਅਨੁਸਾਰ ਸੋਨੀ ਮਾਨ ਦੇ ਘਰ ‘ਤੇ ਇੱਕ ਦਰਜਨ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰਕੇ 10 ਤੋਂ 12 ਰਾਉਂਡ ਫਾਇਰ ਕੀਤੇ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਦਰਜਨ ਹਥਿਆਰਬੰਦ ਵਿਅਕਤੀ ਗੋਲੀਆਂ ਚਲਾ ਕੇ ਆਪਣੀਆਂ ਕਾਰਾਂ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ।