ਬੀ-ਟਾਊਨ ਦੀ ‘ਡਰਾਮਾ ਕਵੀਨ’ ਕਹੀ ਜਾਣ ਵਾਲੀ ਰਾਖੀ ਸਾਵੰਤ ਨਿੱਜੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਪਾਸੇ ਰੱਖ ਕੇ ਆਪਣੇ ਕਰੀਅਰ ‘ਤੇ ਧਿਆਨ ਦੇ ਰਹੀ ਹੈ। ਪਹਿਲਾਂ ਉਸ ਨੇ ਆਪਣੀ ਅਕੈਡਮੀ ਖੋਲ੍ਹੀ ਅਤੇ ਹੁਣ ਉਸ ‘ਤੇ ਇਕ ਫਿਲਮ ਬਣਨ ਜਾ ਰਹੀ ਹੈ, ਜਿਸ ਵਿਚ ਉਹ ਖੁਦ ਮੁੱਖ ਹੀਰੋਇਨ ਹੋਵੇਗੀ। ਫਿਲਮ ‘ਚ ਉਹ ਇਕ ਪੁਲਸ ਕਰਮਚਾਰੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਭਰਾ ਰਾਕੇਸ਼ ਸਾਵੰਤ ਨੇ ਕੀਤਾ ਹੈ। ਰਾਕੇਸ਼ ਨੇ ਰਾਖੀ ਸਾਵੰਤ ‘ਤੇ ਬਣਨ ਵਾਲੀ ਫਿਲਮ ਦੇ ਟਾਈਟਲ ਦਾ ਵੀ ਐਲਾਨ ਕੀਤਾ ਹੈ। ਫਿਲਮ ਦਾ ਨਾਂ ‘ਰਾਊਡੀ ਰਾਖੀ’ ਹੋਵੇਗਾ। ਇਸ ਵਿੱਚ ਅਭਿਨੇਤਰੀ ਪੁਲਿਸ ਦੀ ਭੂਮਿਕਾ ਨਿਭਾਏਗੀ। ਇਸ ਨੂੰ ਰਾਕੇਸ਼ ਖੁਦ ਡਾਇਰੈਕਟ ਕਰਨਗੇ ਅਤੇ ਗੌਰਵ ਪ੍ਰੋਡਿਊਸ ਕਰਨਗੇ।
ਹਾਲ ਹੀ ਵਿੱਚ ਗੱਲ ਕਰਦੇ ਹੋਏ, ਰਾਕੇਸ਼ ਨੇ ਕਿਹਾ, “ਹਾਂ, ਮੈਂ ਇਹ ਫਿਲਮ ਕਰਨ ਜਾ ਰਿਹਾ ਹਾਂ। ਰਾਖੀ ਇੱਕ ਰਾਊਡੀ ਹੈ। ਉਹ ਕਿਸੇ ਨੂੰ ਵੀ ਨਹੀਂ ਬਖਸ਼ਦੀ ਜੋ ਉਸ ਦੇ ਰਾਹ ਵਿੱਚ ਰੁਕਾਵਟ ਬਣ ਜਾਵੇ। ਰਾਖੀ ਸਾਵੰਤ ਦੇ ਪਤੀ ਆਦਿਲ ਖ਼ਾਨ ਦੁਰਾਨੀ ਬਾਰੇ ਰਾਕੇਸ਼ ਨੇ ਕਿਹਾ, ”ਉਸ ਦਾ ਪਤੀ ਆਦਿਲ ਖ਼ਾਨ ਖ਼ਿਲਾਫ਼ ਕੇਸ ਸਿਰਫ਼ ਉਨ੍ਹਾਂ ਦਾ ਹੀ ਨਹੀਂ ਹੈ। ਉਹ ਇੱਕ ਵੱਡੇ ਮਕਸਦ ਲਈ ਲੜ ਰਹੀ ਹੈ।” ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਪਤੀ ਆਦਿਲ ਖਾਨ ਨੂੰ ਜੇਲ੍ਹ ਭੇਜਣ ਨੂੰ ਲੈ ਕੇ ਚਰਚਾ ‘ਚ ਹੈ।
ਆਦਿਲ ‘ਤੇ ਕੁੱਟਮਾਰ, ਧੋਖਾਧੜੀ ਅਤੇ ਵਿਆਹ ਤੋਂ ਬਾਹਰਲੇ ਸਬੰਧਾਂ ਦੇ ਦੋਸ਼ ਹਨ। ਰਾਖੀ ਦਾ ਦਾਅਵਾ ਹੈ ਕਿ ਆਦਿਲ ਨੇ ਉਸ ਦਾ ਐਡਲਟ ਵੀਡੀਓ ਵੀ ਬਣਾਇਆ ਹੈ। ਰਾਖੀ ਨੇ ਮਈ 2022 ਵਿੱਚ ਆਦਿਲ ਨਾਲ ਵਿਆਹ ਕੀਤਾ ਸੀ, ਜਿਸ ਦਾ ਐਲਾਨ ਅਦਾਕਾਰਾ ਨੇ 7 ਮਹੀਨਿਆਂ ਬਾਅਦ ਯਾਨੀ ਜਨਵਰੀ 2023 ਵਿੱਚ ਕੀਤਾ ਸੀ। ਇਸ ਐਲਾਨ ਤੋਂ ਕੁਝ ਦਿਨ ਬਾਅਦ ਰਾਖੀ ਨੇ ਆਪਣੇ ਪਤੀ ਆਦਿਲ ਖਿਲਾਫ ਪੁਲਸ ਕੇਸ ਦਰਜ ਕਰਵਾਇਆ ਅਤੇ ਉਦੋਂ ਤੋਂ ਉਹ ਜੇਲ ‘ਚ ਹੈ। ਉਸ ਨੂੰ ਮੈਸੂਰ ਜੇਲ ‘ਚ ਸ਼ਿਫਟ ਕਰ ਦਿੱਤਾ ਗਿਆ ਹੈ, ਕਿਉਂਕਿ ਰਾਖੀ ਮੁਤਾਬਕ ਮੈਸੂਰ ‘ਚ ਵੀ ਉਸ ‘ਤੇ ਕਈ ਮਾਮਲੇ ਚੱਲ ਰਹੇ ਹਨ।












