ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ 99ਵੀਂ ਬਰਥ ਐਨੀਵਰਸਰੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ। ਇਸ ਮੌਕੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰ ਕੇ ਦਿਲੀਪ ਸਾਹਿਬ ਦਾ ਜਨਮ-ਦਿਵਸ ਮਨਾ ਰਹੇ ਹਨ। ਸਾਇਰਾ ਬਾਨੋ ਨੇ ਦਿਲੀਪ ਸਾਹਿਬ ਨੂੰ ਖ਼ਾਸ ਅੰਦਾਜ਼ ’ਚ ਬਰਥਡੇ ਐਨੀਵਰਸਰੀ ਵਿਸ਼ ਕੀਤੀ ਹੈ ਨਾਲ ਹੀ ਫੈਨਜ਼ ਨੇ ਸੋਸ਼ਲ ਮੀਡੀਆ ’ਤੇ ਦਿਲੀਪ ਕੁਮਾਰ ਦੀ 99ਵੀਂ ਬਰਥ ਐਨੀਵਰਸਰੀ ਨੂੰ ਸ਼ਾਂਤੀ ਨਾਲ ਮਨਾਉਣ ਦੀ ਅਪੀਲ ਕੀਤੀ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਲੰਮੀ ਬਿਮਾਰੀ ਦੇ ਚਲਦਿਆਂ ਇਸੇ ਸਾਲ ਜੁਲਾਈ ਮਹੀਨੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪੰਜ ਦਸ਼ਕਾਂ ਤੱਕ ਫੈਨਜ਼ ਉੱਤੇ ਆਪਣਾ ਜਾਦੂ ਬਰਕਰਾਰ ਰੱਖਣ ਵਾਲੇ ਅਦਾਕਾਰ ਦਿਲੀਪ ਕੁਮਾਰ ਦਾ ਜਨਮ ਸਾਲ 1922 ‘ਚ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਹੋਇਆ ਸੀ। ਦਿਲੀਪ ਦਾ ਅਸਲ ਨਾਂਅ ਮੁਹੰਮਦ ਯੁਸੂਫ਼ ਖ਼ਾਨ ਸੀ, ਪਰ ਫ਼ਿਲਮਾਂ ਵਿੱਚ ਕਦਮ ਰੱਖਣ ਮਗਰੋਂ ਉਨ੍ਹਾਂ ਨੂੰ ਦਿਲੀਪ ਕੁਮਾਰ ਵਜੋਂ ਪਛਾਣ ਮਿਲੀ।ਹਾਲ ਹੀ ਵਿੱਚ ਸਾਇਰਾ ਬਾਨੋ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਦੇ ਮੌਕੇ ‘ਤੇ ਕਿਹਾ ਸੀ ਕਿ, ਉਹ ਸਾਡੇ ਵਿਚਕਾਰ ਹੀ ਹੈ, ਹੌਲੀ-ਹੌਲੀ ਮੇਰਾ ਹੱਥ ਫੜ ਰਹੇ ਹਨ ਅਤੇ ਬਿਨਾਂ ਬੋਲੇਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਉਸਨੇ ਅੱਗੇ ਕਿਹਾ, “ਮੈਂ ਜਾਣਦੀ ਹਾਂ ਕਿ ਮੈਂ ਹੁਣ ਅਤੇ ਹਮੇਸ਼ਾ ਲਈ ਕਦੇ ਵੀ ਇਕੱਲੀ ਨਹੀਂ ਹਾਂ।
ਦੱਸ ਦਈਏ ਕਿ ਦਿਲੀਪ ਕੁਮਾਰ ਨੇ ਸਾਲ 1947 ‘ਚ ਆਈ ਫ਼ਿਲਮ ਜੁਗਨੂ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਦਿਲੀਪ ਕੁਮਾਰ ਨੇ 60 ਅਤੇ 70 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਹ ਦੇਵਦਾਸ, ਮੁਗਲ-ਏ-ਆਜ਼ਮ,ਗੰਗਾ-ਜਮੁਨਾ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਨਜ਼ਰ ਆਏ ਸਨ। ਉਨ੍ਹਾਂ ਦੀਆਂ ਕੁਝ ਖ਼ਾਸ ਫ਼ਿਲਮਾਂ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।60 ਦੇ ਦਹਾਕੇ ਵਿੱਚ ਰਿਲੀਜ਼ ਹੋਈ ਫ਼ਿਲਮ ਮੁਗਲ-ਏ-ਆਜ਼ਮ ਅੱਜ ਵੀ ਹਰ ਕਿਸੇ ਦੇ ਦਿਲ ਵਿੱਚ ਵੱਸੀ ਹੋਈ ਹੈ। ਦਿਲੀਪ ਕੁਮਾਰ ਨੇ ਇਸ ਫ਼ਿਲਮ ਵਿੱਚ ਸਲੀਮ ਦਾ ਕਿਰਦਾਰ ਅਦਾ ਕੀਤਾ ਸੀ ਤੇ ਉਨ੍ਹਾਂ ਦੇ ਨਾਲ ਇਸ ਫ਼ਿਲਮ ਵਿੱਚ ਮਧੂਬਾਲਾ ਨੇ ਨਾਦਿਰਾ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਅਜਿਹੀਆਂ ਹੀ ਹੋਰਨਾਂ ਫ਼ਿਲਮਾਂ ਜਿਵੇਂ ਕਿ ਦੇਵਦਾਸ, ਕ੍ਰਾਂਤੀ,ਗੰਗਾ ਜਮੁਨਾ ਤੇ ਸੌਦਾਗਰ ਵਰਗੀਆਂ ਫ਼ਿਲਮਾਂ ਸੁਪਰ ਹਿੱਟ ਰਹੀਆਂ।ਸਾਇਰਾ ਬਾਨੋ ਨੇ ਦਿਲੀਪ ਦੇ ਆਖ਼ਰੀ ਸਮੇਂ ਤੱਕ ਉਨ੍ਹਾਂ ਦਾ ਸਾਥ ਦੇ ਕੇ ਆਪਣੀ ਸੱਚੀ ਮੁਹੱਬਤ ਨੂੰ ਸਮਰਪਿਤ ਕੀਤਾ ਹੈ।