ਕੁਝ ਦਿਨਾਂ ਤੋਂ ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਸੀ , ਜਿਸ ਵਿੱਚ ਉਹ ਆਪਣੇ ਆਰਥਿਕ ਸੰਕਟ ਬਾਰੇ ਦੱਸ ਰਹੇ ਸਨ। ਗਾਇਕ ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਰੇ ਪ੍ਰਸ਼ੰਸ਼ਕਾਂ ਦਾ ਧੰਨਵਾਦ ਕੀਤਾ ਹੈ

ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ ਕਿ “ਤੁਹਾਡੇ ਸਭ ਦੇ ਪਿਆਰ ਦਾ ਹਮੇਸਾ ਕਰਜ਼ਦਾਰ ਰਹੂ ਤੁਹਾਡਾ ਨਿੱਕੂ,ਇਹ ਸ਼ੋਅ ਤੁਸੀ ਹੀ ਸਫਲ ਕਰਨੇ ਨੇ ਅਤੇ ਤੁਸੀ ਅਪਣੀਆਂ ਖੁਸ਼ੀਆਂ ਵਿਚ ਹਮੇਸ਼ਾ ਲਈ ਸ਼ਾਮਿਲ ਰੱਖਿਓ। ਮੈਨੂੰ ਸਿੱਧੇ ਪੈਸੇ ਨੀ ਸ਼ੋਅ ਚਾਹੀਦੇ ਨੇ, ਵਾਹਿਗੁਰੂ ਦੀ ਕਿਰਪਾ, ਤੁਹਾਡੇ ਸਾਥ ਤੇ ਅਪਣੀ ਮਿਹਨਤ ਨਾਲ ਇਹ ਸਭ ਠੀਕ ਕਰਨਾ ਚਾਹੁੰਦਾ ਹਾਂ।”
ਦੱਸ ਦਈਏ ਕਿ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਗਿਆ ਕਿ ਇੰਦਰਜੀਤ ਨਿੱਕੂ ਆਪਣੀ ਪਤਨੀ ਦੇ ਨਾਲ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ ‘ਚ ਸਥਿਤ ਬਾਗੇਸ਼ਵਰ ਧਾਮ ਦੇ ਮੁੱਖ ਪੁਜਾਰੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਸਾਹਮਣੇ ਬੈਠ ਕੇ ਆਪਣਾ ਦੁੱਖ ਬਿਆਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ ਅਤੇ ਤਣਾਅ ਬਣਿਆ ਰਹਿੰਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਸ ‘ਤੇ ਕਾਫੀ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ ਉਸ ਦਾ ਕੰਮ ਸਫਲ ਨਹੀਂ ਹੋ ਰਿਹਾ ਹੈ। ਇੰਦਰਜੀਤ ਨਿੱਕੂ ਨੇ ਇਹ ਵੀ ਦੱਸਿਆ ਕਿ ਉਹ ਸਟੇਜ ਸ਼ੋਅ ਕਰਦਾ ਹੈ, ਪਰ ਉਸ ਦੇ ਪ੍ਰੋਗਰਾਮ ਨਹੀਂ ਚੱਲ ਰਹੇ। ਦੁੱਖ ਸੁਣ ਕੇ ਬਾਬਾ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਸਭ ਕੁਝ ਠੀਕ ਹੋ ਜਾਵੇਗਾ ਅਤੇ ਉਸ ਦਾ ਭਵਿੱਖ ਉਜਵਲ ਹੈ।












