ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੱਜ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਨਾਮੀ ਗੈਂਗਸਟਰ ਦੇ ਕਰੀਬੀ ਸਾਥੀ ਕਰਮਵੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਭਾਰਤ ਲਿਆਂਦਾ ਗਿਆ ਹੈ। ਉਹ ਨਾਮੀ ਗੈਂਗ ਨਾਲ ਜੁੜੇ ਇੱਕ ਨੈੱਟਵਰਕ ਲਈ ਕੰਮ ਕਰਦਾ ਸੀ।
ਡੀਜੀਪੀ ਗੌਰਵ ਯਾਦਵ ਨੇ ਪੋਸਟ ਸਾਂਝੀ ਕਰਕੇ ਦੱਸਿਆ ਕਿ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਉਪਰੰਤ ਆਈ.ਜੀ.ਆਈ. (IGI) ਹਵਾਈ ਅੱਡੇ, ਨਵੀਂ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਹੈ।
ਕਰਮਵੀਰ ਸਿੰਘ ਨੇ ਅਮਰੀਕਾ ਵਿੱਚ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ ਅਤੇ ਲੁਕਣ ਲਈ ਟਿਕਾਣਾ ਮੁਹੱਈਆ ਕਰਵਾਇਆ ਸੀ। ਉਹ ਪੁਲਿਸ ਸਟੇਸ਼ਨ ਸਟੇਟ ਕ੍ਰਾਈਮ, ਐਸ.ਏ.ਐਸ. ਨਗਰ ਵਿਖੇ ਆਈ.ਪੀ.ਸੀ. (IPC), ਅਸਲਾ ਐਕਟ ਅਤੇ ਪਾਸਪੋਰਟ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਐਫ.ਆਈ.ਆਰ. (FIR) ਵਿੱਚ ਲੋੜੀਂਦਾ ਸੀ। ਏ.ਜੀ.ਟੀ.ਐਫ. (AGTF) ਪੰਜਾਬ ਵੱਲੋਂ 03.09.2026 ਨੂੰ ਉਸ ਵਿਰੁੱਧ ‘ਲੁੱਕ ਆਊਟ ਸਰਕੂਲਰ’ (LOC) ਜਾਰੀ ਕੀਤਾ ਗਿਆ ਸੀ।
ਮੁਲਜ਼ਮ ਦਾ ਅਪਰਾਧਿਕ ਇਤਿਹਾਸ ਰਿਹਾ ਹੈ, ਜਿਸ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਫਿਰੌਤੀ, ਅਸਲਾ ਐਕਟ ਦੀ ਉਲੰਘਣਾ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਉਸਦੇ ਵਿਆਪਕ ਅਪਰਾਧਿਕ ਨੈੱਟਵਰਕ ਅਤੇ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।












