*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ: ਅਮਨ ਅਰੋੜਾ*
ਚੰਡੀਗੜ੍ਹ, 12 ਸਤੰਬਰ:
ਉਨ੍ਹਾਂ ਦਿਨਾਂ, ਜਦੋਂ ਅਕਾਲੀ ਅਤੇ ਕਾਂਗਰਸੀ ਆਗੂ ਪੰਜਾਬ ਵਿਧਾਨ ਸਭਾ ਅੰਦਰ ਗੈਂਗਸਟਰਾਂ ਨੂੰ ਲੈ ਕੇ ਇੱਕ-ਦੂਜੇ ‘ਤੇ ਦੋਸ਼-ਮੜ੍ਹਦੇ ਸਨ, ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਜਪ੍ਰਣਾਲੀ ਦੀ ਤੁਲਨਾ ਕਰਦਿਆਂ, ਜਿਸ ਤਹਿਤ ਹੁਣ ਇੱਕ ਲੋੜੀਂਦੇ ਗੈਂਗਸਟਰ ਨੂੰ ਯੂਰਪ ਤੋਂ ਵਾਪਸ ਲਿਆਂਦਾ ਗਿਆ ਹੈ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਇਥੇ ਕਿਹਾ ਕਿ ਯੂਰਪ ਤੋਂ ਕਿਸੇ ਗੈਂਗਸਟਰ ਦੀ ਇਹ ਪਹਿਲੀ ਹਵਾਲਗੀ ਮਾਨ ਸਰਕਾਰ ਦੇ ਗੈਂਗਸਟਰਵਾਦ ਵਿਰੁੱਧ ਸਖ਼ਤ ਸਟੈਂਡ ਦੀ ਗਵਾਹੀ ਭਰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਗੈਂਗਸਟਰਵਾਦ ਨੂੰ ਇਸ ਹੱਦ ਤੱਕ ਪ੍ਰਫੁੱਲਤ ਹੋਣ ਦਿੱਤਾ ਕਿ 2021 ਦੇ ਬਜਟ ਸੈਸ਼ਨ ਦੌਰਾਨ ਆਗੂ ਖੁੱਲ੍ਹੇਆਮ ਇਸ ਗੱਲ ‘ਤੇ ਬਹਿਸ ਕਰ ਰਹੇ ਸਨ ਕਿ ਜੱਗੂ ਭਗਵਾਨਪੁਰੀਆ “ਕਿਸਦਾ ਬੰਦਾ” ਹੈ, ਜਦਕਿ ‘ਆਪ’ ਸਰਕਾਰ ਨੇ ਸਰਹੱਦਾਂ ਪਾਰ ਜਾ ਕੇ ਅਜਿਹੇ ਭਗੌੜਿਆਂ ਦਾ ਪਿੱਛਾ ਕੀਤਾ ਹੈ ਅਤੇ ਇਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣਾ ਯਕੀਨੀ ਬਣਾਇਆ ਹੈ।
‘ਆਪ’ ਪੰਜਾਬ ਪ੍ਰਧਾਨ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ‘ਚੋਂ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਖ਼ਾਤਮੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਉਹ ਅਜਿਹੇ ਅਨਸਰਾਂ ਨੂੰ ਨਾ ਤਾਂ ਪੰਜਾਬ ਦੀ ਧਰਤੀ ਤੋਂ ਅਤੇ ਨਾ ਹੀ ਵਿਦੇਸ਼ਾਂ ਤੋਂ ਆਪਣਾ ਗੈਰ-ਕਾਨੂੰਨੀ ਕਾਰੋਬਾਰ ਚਲਾਉਣ ਦੀ ਇਜ਼ਾਜਤ ਦੇਵੇਗੀ। ਉਨ੍ਹਾਂ ਦੱਸਿਆ ਕਿ 20 ਜਨਵਰੀ 2026 ਨੂੰ ਸਥਾਪਿਤ ਕੀਤੇ ਗਏ ‘ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ’ (ਓ.ਐਫ.ਟੀ.ਈ.ਸੀ.) ਨੇ ਮਹਿਜ਼ ਸੱਤ ਮਹੀਨਿਆਂ ਵਿੱਚ 10 ਲੋੜੀਂਦੇ ਭਗੌੜਿਆਂ ਦੀ ਡਿਪੋਰਟੇਸ਼ਨ ਜਾਂ ਹਵਾਲਗੀ ਸਫਲਤਾਪੂਰਵਕ ਯਕੀਨੀ ਬਣਾਈ ਹੈ, ਜਦਕਿ 21 ਹੋਰ ਹਵਾਲਗੀ ਪ੍ਰਸਤਾਵ ਕੇਂਦਰ ਸਰਕਾਰ ਕੋਲ ਲੰਬਿਤ ਪਏ ਹਨ।
ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਲੜਾਈ ਦਾ ਦ੍ਰਿੜ ਸੰਕਲਪ ਲਿਆ ਸੀ। ਉਨ੍ਹਾਂ ਕਿਹਾ, “ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਇਹੋ ਸੰਕਲਪ ਲੈ ਕੇ ਚੱਲੇ ਹਾਂ ਕਿ ਅਸੀਂ ਪੰਜਾਬ ਵਿੱਚੋਂ ਨਸ਼ਿਆਂ ਅਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਸਾਡਾ ਮੰਨਣਾ ਹੈ ਕਿ ਇਹ ਉਹੀ ਅਨਸਰ ਹਨ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਵਧਣ-ਫੁੱਲਣ ਦਿੱਤਾ, ਭਾਵੇਂ ਇਹ ਅਕਾਲੀ ਦਲ-ਭਾਜਪਾ ਦਾ ਦਹਾਕੇ ਭਰ ਦਾ ਕਾਰਜਕਾਲ ਰਿਹਾ ਹੋਵੇ ਜਾਂ ਕਾਂਗਰਸ ਦਾ ਪੰਜ ਸਾਲ ਦਾ ਕਾਰਜਕਾਲ।”
‘ਆਪ’ ਪੰਜਾਬ ਪ੍ਰਧਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਸਥਿਤੀ ਇਸ ਹੱਦ ਤੱਕ ਪਹੁੰਚ ਚੁੱਕੀ ਸੀ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਵੀ ਗੈਂਗਸਟਰਵਾਦ ਇੱਕ ਵੱਡਾ ਮੁੱਦਾ ਬਣ ਗਿਆ ਸੀ। ਉਨ੍ਹਾਂ ਕਿਹਾ, “ਜੇਕਰ ਤੁਸੀਂ ਵਿਧਾਨ ਸਭਾ ਦੇ 2021 ਦੇ ਬਜਟ ਸੈਸ਼ਨ ਦੇ ਭਾਸ਼ਣ ਕੱਢ ਕੇ ਦੇਖੋ, ਜਦੋਂ ਅਕਾਲੀ ਦਲ ਵਿਰੋਧੀ ਧਿਰ ਵਿੱਚ ਸੀ ਅਤੇ ਕਾਂਗਰਸ ਸੱਤਾ ਵਿੱਚ ਸੀ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਸਨ ਕਿ ਸਦਨ ਦੇ ਅੰਦਰ ਉਨ੍ਹਾਂ ਬਾਰੇ ਚਰਚਾ ਹੋ ਰਹੀ ਸੀ।”
2021 ਦੇ ਬਜਟ ਸੈਸ਼ਨ ਦੇ ਰਿਕਾਰਡ ਦਾ ਹਵਾਲਾ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਿਆਸੀ ਆਗੂਆਂ ਦੇ ਗੈਂਗਸਟਰਾਂ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਇੱਕ-ਦੂਜੇ ਨਾਲ ਖੁੱਲ੍ਹ ਕੇ ਬਹਿਸ ਕੀਤੀ ਸੀ। ਉਨ੍ਹਾਂ ਕਿਹਾ, “ਇੱਕ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਰਿਕਾਰਡ ‘ਤੇ ਇਹ ਬਹਿਸ ਕਰ ਰਹੇ ਸਨ—’ਜੱਗੂ ਭਗਵਾਨਪੁਰੀਆ ਤੁਹਾਡਾ ਪ੍ਰੋਡੱਕਟ ਹੈ’, ‘ਨਹੀਂ ਇਹ ਗੈਂਗਸਟਰ ਤੁਹਾਡਾ ਪ੍ਰੋਡੱਕਟ ਹੈ’। ਇਹ ਸਭ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਅੰਦਰ ਵਾਪਰ ਰਿਹਾ ਸੀ। ਇਨ੍ਹਾਂ ਪਾਰਟੀਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਇਸ ਨਿਘਾਰ ਤੱਕ ਪਹੁੰਚਾ ਦਿੱਤਾ ਸੀ।”
ਕੈਬਨਿਟ ਮੰਤਰੀ ਨੇ ਉਸ ਘਟਨਾ ਨੂੰ ਵੀ ਚੇਤੇ ਕੀਤਾ ਜਿਸ ਵਿੱਚ ਆਪਣੀ ਧੀ ਦੀ ਰਾਖੀ ਕਰਦੇ ਹੋਏ ਇੱਕ ਪੁਲਿਸ ਮੁਲਾਜ਼ਮ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਕਿਹਾ, “ਉਹ ਵੀ ਇੱਕ ਸਮਾਂ ਸੀ ਜਦੋਂ ਇੱਕ ਪੁਲਿਸ ਮੁਲਾਜ਼ਮ ਆਪਣੀ ਧੀ ਦੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦੀ ਛਾਤੀ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਪੰਜਾਬ ਉਨ੍ਹਾਂ ਹਾਲਾਤਾਂ ਵਿੱਚੋਂ ਬਾਹਰ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਅੱਜ ਲੋਕਾਂ ਦਾ ਮਨੋਬਲ ਤੇ ਵਿਸ਼ਵਾਸ ਪੂਰੀ ਤਰ੍ਹਾਂ ਕਾਇਮ ਹੈ।”
ਉਨ੍ਹਾਂ ਅੱਗੇ ਕਿਹਾ, “ਜਿਸ ਦਿਨ ਤੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਹੈ, ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਅਨਸਰਾਂ ਨੂੰ ਪੰਜਾਬ ਦੀ ਧਰਤੀ ‘ਤੇ ਗ਼ੈਰਕਾਨੂੰਨੀ ਗਤੀਵਿਧੀਆਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।”
‘ਆਪ’ ਪੰਜਾਬ ਮੁਖੀ ਨੇ ਕਿਹਾ ਕਿ ਜਿਵੇਂ ਹੀ ਪੰਜਾਬ ਪੁਲਿਸ ਨੇ ਅਜਿਹੇ ਅਨਸਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ, ਕਈ ਭਗੌੜੇ, ਖ਼ਤਰਨਾਕ ਅਪਰਾਧੀ ਅਤੇ ਗੈਂਗਸਟਰ ਵਿਦੇਸ਼ ਭੱਜ ਗਏ। ਉਨ੍ਹਾਂ ਕਿਹਾ, “ਤੁਸੀਂ ਖ਼ੁਦ ਦੇਖਦੇ ਹੋਂ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ, ਕੋਈ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਫਿਰੌਤੀ ਦੀ ਕਾਲ ਆਉਂਦੀ ਹੈ, ਤਾਂ ਇਹ ਗਤੀਵਿਧੀਆਂ ਅਕਸਰ ਵਿਦੇਸ਼ੀ ਧਰਤੀ ਜਾਂ ਦੂਜੇ ਰਾਜਾਂ ਤੋਂ ਹੋ ਰਹੀਆਂ ਹੁੰਦੀਆਂ ਹਨ।”
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਰਿਹਾ ਹੈ ਕਿ ਵਿਦੇਸ਼ਾਂ ‘ਚ ਬੈਠੇ ਅਪਰਾਧੀ ਪੰਜਾਬ ਦੀ ਅਮਨ-ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਨਾ ਕਰ ਸਕਣ। ਉਨ੍ਹਾਂ ਕਿਹਾ, “ਇਸ ਵਿਸ਼ੇਸ਼ ਮਕਸਦ ਨਾਲ ਕਿ ਵਿਦੇਸ਼ ਵਿੱਚ ਬੈਠਾ ਕੋਈ ਵੀ ਵਿਅਕਤੀ ਪੰਜਾਬ ਦੀ ਧਰਤੀ ‘ਤੇ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਨਾ ਕਰ ਸਕੇ, ਪੰਜਾਬ ਪੁਲਿਸ ਨੇ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ 20 ਜਨਵਰੀ 2026 ਨੂੰ ਵਿਸ਼ੇਸ਼ ‘ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ’ (ਓਐਫਟੀਈਸੀ) ਦਾ ਗਠਨ ਕੀਤਾ।”
ਕੈਬਨਿਟ ਮੰਤਰੀ ਨੇ ਕਿਹਾ, “ਗਠਨ ਤੋਂ ਹੀ ਇਸ ਸੈੱਲ ਦਾ ਖਾਸ ਉਦੇਸ਼ ਅਜਿਹੇ ਅਨਸਰਾਂ ਦੀ ਪਛਾਣ ਕਰਨਾ, ਉਨ੍ਹਾਂ ਦੀ ਪੈੜ ਨੱਪਣਾ, ਉਨ੍ਹਾਂ ਦਾ ਪਤਾ ਲਗਾਉਣਾ ਅਤੇ ਅੰਤ ਵਿੱਚ ਉਨ੍ਹਾਂ ਨੂੰ ਜੇਲ੍ਹ ਪਹੁੰਚਾ ਕੇ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦਿਵਾਉਣਾ ਯਕੀਨੀ ਬਣਾਉਣਾ ਰਿਹਾ ਹੈ।”
ਉਨ੍ਹਾਂ ਦੱਸਿਆ ਕਿ ਇਸ ਸੈੱਲ ਨੇ ਹਰ ਪੱਧਰ ‘ਤੇ ਏਜੰਸੀਆਂ ਨਾਲ ਤਾਲਮੇਲ ਕਰਕੇ ਮਹਿਜ਼ ਸੱਤ ਮਹੀਨਿਆਂ ਦੇ ਅੰਦਰ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ, “ਚਾਹੇ ਇਹ ਸਟੇਟ ਇਨਵੈਸਟੀਗੇਸ਼ਨ, ਬਿਊਰੋ ਆਫ਼ ਇਨਵੈਸਟੀਗੇਸ਼ਨ, ਸੀ.ਬੀ.ਆਈ., ਇੰਟਰਪੋਲ, ਗ੍ਰਹਿ ਮੰਤਰਾਲੇ, ਸਥਾਨਕ ਪੱਧਰ ਦੀ ਪੁਲਿਸ, ਵਿਦੇਸ਼ ਮੰਤਰਾਲੇ ਜਾਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨਾਲ ਸਬੰਧਤ ਹੋਵੇ, ਓਐਫਟੀਈਸੀ ਇਨ੍ਹਾਂ ਸਮੂਹ ਏਜੰਸੀਆਂ ਨਾਲ ਲਗਾਤਾਰ ਤਾਲਮੇਲ ਬਣਾ ਕੇ ਚਲਦਾ ਆ ਰਿਹਾ ਹੈ।”
ਅਮਨ ਅਰੋੜਾ ਨੇ ਕਿਹਾ ਕਿ ਇਹ ਤਾਲਮੇਲ ਖਾਸ ਤੌਰ ‘ਤੇ ਉਨ੍ਹਾਂ ਮਾਮਲਿਆਂ ਵਿੱਚ ਬਹੁਤ ਅਹਿਮ ਹੈ ਜਿੱਥੇ ਪੰਜਾਬ ਵਿੱਚ ਕਿਸੇ ਅਪਰਾਧ ਜਾਂ ਅਪਰਾਧ ਦੀ ਕੋਸ਼ਿਸ਼ ਦੀ ਸ਼ੁਰੂਆਤ ਵਿਦੇਸ਼ ਤੋਂ ਹੋਈ ਹੋਵੇ। ਉਨ੍ਹਾਂ ਕਿਹਾ, “ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਕਿ ਇੱਥੇ ਅਪਰਾਧ ਕਰਨ ਦੀ ਕੋਈ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੀ ਸ਼ੁਰੂਆਤ ਕਿਸੇ ਵਿਦੇਸ਼ੀ ਮੁਲਕ ਤੋਂ ਹੋਈ ਹੈ, ਤਾਂ ਇਹ ਸੈੱਲ ਵੱਖ-ਵੱਖ ਕੜੀਆਂ ਨੂੰ ਜੋੜਨ ਅਤੇ ਇਸ ਪਿੱਛੇ ਮੌਜੂਦ ਵਿਅਕਤੀ ਤੱਕ ਪਹੁੰਚਣ ਲਈ ਕੰਮ ਕਰਦਾ ਹੈ।”
ਓਐਫਟੀਈਸੀ ਦੀ ਸਫਲਤਾ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਨੂੰ ਵਧਾਈ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਹੁਣ ਤੱਕ 10 ਲੋੜੀਂਦੇ ਅਪਰਾਧੀਆਂ ਨੂੰ ਡਿਪੋਰਟੇਸ਼ਨ ਜਾਂ ਹਵਾਲਗੀ ਰਾਹੀਂ ਭਾਰਤ ਵਾਪਸ ਲਿਆਂਦਾ ਜਾ ਚੁੱਕਾ ਹੈ, ਜਦਕਿ ਹਵਾਲਗੀ ਦੇ 21 ਪ੍ਰਸਤਾਵ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹਨ। ਉਨ੍ਹਾਂ ਅੱਗੇ ਕਿਹਾ, “ਹਵਾਲਗੀ ਦੀ ਪ੍ਰਕਿਰਿਆ ਵਿੱਚ ਰਾਜ ਪੁਲਿਸ ਵੱਲੋਂ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜੇ ਜਾਂਦੇ ਹਨ, ਜੋ ਵਿਦੇਸ਼ਾਂ ਤੋਂ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨਾਲ ਤਾਲਮੇਲ ਕਰਦੀ ਹੈ।”
ਇਨ੍ਹਾਂ ਵਾਪਸ ਲਿਆਂਦੇ ਗਏ ਅਪਰਾਧੀਆਂ ਵਿੱਚ ਨਾਮੀ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਵੀ ਸ਼ਾਮਲ ਹੈ, ਜਿਸ ਵਿਰੁੱਧ ਤਿੰਨ ਗੰਭੀਰ ਮਾਮਲੇ ਦਰਜ ਹਨ, ਨੂੰ ਸ਼ਨੀਵਾਰ ਨੂੰ ਮਾਲਦੋਵਾ ਤੋਂ ਵਾਪਸ ਲਿਆਂਦਾ ਗਿਆ।
‘ਆਪ’ ਪੰਜਾਬ ਮੁਖੀ ਨੇ ਦੱਸਿਆ ਕਿ ਮਲੇਸ਼ੀਆ, ਇੰਡੋਨੇਸ਼ੀਆ, ਯੂ.ਏ.ਈ. ਅਤੇ ਅਮਰੀਕਾ ਤੋਂ ਵੀ ਕਈ ਹੋਰ ਲੋੜੀਂਦੇ ਗੈਂਗਸਟਰਾਂ ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ, “ਅਜੈ ਸਿੰਘ ਉਰਫ਼ ਅਜੈ ਮਲੇਸ਼ੀਆ ਅਤੇ ਪਵਨਦੀਪ ਸਿੰਘ, ਜੋ ਕਿ ਥਾਣਾ ਜੋਧੇਵਾਲ, ਲੁਧਿਆਣਾ ਵਿਖੇ ਬੀ.ਐਨ.ਐਸ. ਅਤੇ ਵਿਸਫੋਟਕ ਪਦਾਰਥ ਐਕਟ ਤਹਿਤ ਦਰਜ ਐਫ.ਆਈ.ਆਰ. ਨੰਬਰ 150 ਮਿਤੀ 27.10.2025 ਤਹਿਤ ਲੋੜੀਂਦੇ ਸਨ, ਨੂੰ ਇਸ ਸਾਲ 19 ਅਗਸਤ ਨੂੰ ਮਲੇਸ਼ੀਆ ਤੋਂ ਵਾਪਸ ਲਿਆਂਦਾ ਗਿਆ ਸੀ।”
ਅਮਨ ਅਰੋੜਾ ਨੇ ਦੱਸਿਆ, “ਜਸਪ੍ਰੀਤ ਸਿੰਘ ਉਰਫ਼ ਜੱਸ ਬਹਿਬਲ, ਜੋ ਕਿ ਥਾਣਾ ਸਿਟੀ ਕੋਟਕਪੂਰਾ, ਫ਼ਰੀਦਕੋਟ) ਅਤੇ ਥਾਣਾ ਤਪਾ, ਬਰਨਾਲਾ ਵਿਖੇ ਤਿੰਨ ਐਫ.ਆਈ.ਆਰਜ਼ ਤਹਿਤ ਲੋੜੀਂਦਾ ਸੀ, ਨੂੰ ਵੀ 19.08.2026 ਨੂੰ ਮਲੇਸ਼ੀਆ ਤੋਂ ਵਾਪਸ ਲਿਆਂਦਾ ਗਿਆ ਸੀ। ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ, ਜੋ ਕਿ ਥਾਣਾ ਕੋਤਵਾਲੀ, ਪਟਿਆਲਾ ਵਿਖੇ ਐਫ.ਆਈ.ਆਰ. ਨੰਬਰ 76 ਤਹਿਤ ਲੋੜੀਂਦੇ ਸਨ, ਨੂੰ 18.06.2026 ਨੂੰ ਮਲੇਸ਼ੀਆ ਤੋਂ ਵਾਪਸ ਲਿਆਂਦਾ ਗਿਆ ਸੀ। ਜੋਬਨਜੀਤ ਬਿੱਲਾ, ਜੋ ਕਿ ਥਾਣਾ ਬਿਆਸ, ਅੰਮ੍ਰਿਤਸਰ ਵਿਖੇ ਆਈ.ਪੀ.ਸੀ. ਅਤੇ ਅਸਲਾ ਐਕਟ ਤਹਿਤ ਦਰਜ ਐਫ.ਆਈ.ਆਰ. ਨੰਬਰ 94 ਮਿਤੀ 24.05.2023 ਤਹਿਤ ਲੋੜੀਂਦਾ ਸੀ, ਨੂੰ 24.07.2026 ਨੂੰ ਇੰਡੋਨੇਸ਼ੀਆ ਤੋਂ ਵਾਪਸ ਲਿਆਂਦਾ ਗਿਆ ਸੀ।”
ਉਨ੍ਹਾਂ ਦੱਸਿਆ, “ਯੂ.ਏ.ਈ. ਤੋਂ ਅੰਮ੍ਰਿਤਪਾਲ ਸਿੰਘ ਮਹਿਰੋਂ, ਜੋ ਕਿ ਅੰਮ੍ਰਿਤਸਰ ਅਤੇ ਬਰਨਾਲਾ ਵਿਖੇ ਦੋ ਐਫ.ਆਈ.ਆਰਜ਼ ਵਿੱਚ ਲੋੜੀਂਦਾ ਸੀ, ਨੂੰ 10.04.2026 ਨੂੰ ਵਾਪਸ ਲਿਆਂਦਾ ਗਿਆ ਸੀ। ਭੁਵਨੇਸ਼ ਚੋਪੜਾ, ਜੋ ਕਿ ਫ਼ਿਰੋਜ਼ਪੁਰ, ਖਰੜ, ਫ਼ਾਜ਼ਿਲਕਾ ਅਤੇ ਪਟਿਆਲਾ ਵਿੱਚ ਦਰਜ ਸੱਤ ਐਫ.ਆਈ.ਆਰਜ਼ ਵਿੱਚ ਲੋੜੀਂਦਾ ਸੀ, ਨੂੰ 12.03.2026 ਨੂੰ ਯੂ.ਏ.ਈ. ਤੋਂ ਵਾਪਸ ਲਿਆਂਦਾ ਗਿਆ ਸੀ। ਕਮਲ ਉਰਫ਼ ਕਮਲ ਅਠਵਾਲ ਉਰਫ਼ ਕਮਲਪ੍ਰੀਤ ਸਿੰਘ ਬਿੱਲਾ, ਜੋ ਕਿ ਥਾਣਾ ਮਾਛੀਵਾੜਾ, ਖੰਨਾ ਵਿਖੇ ਐਫ.ਆਈ.ਆਰ. ਨੰਬਰ 132 ਤਹਿਤ ਲੋੜੀਂਦਾ ਸੀ, ਨੂੰ 24.03.2026 ਨੂੰ ਅਮਰੀਕਾ ਤੋਂ ਵਾਪਸ ਲਿਆਂਦਾ ਗਿਆ।”
ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਅਤੇ ਪੰਜਾਬ ਪੁਲਿਸ ਵੱਖ-ਵੱਖ ਦੇਸ਼ਾਂ ਵਿੱਚ ਭਗੌੜਿਆਂ ਦਾ ਪ੍ਰਭਾਵੀ ਢੰਗ ਨਾਲ ਪਿੱਛਾ ਕਰ ਰਹੀ ਹੈ ਅਤੇ ਇਹ ਯਕੀਨੀ ਬਣਾ ਰਹੀ ਹੈ ਕਿ ਵਿਦੇਸ਼ਾਂ ਤੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਪੇਸ਼ ਕਰਨ ਲਈ ਵਾਪਸ ਲਿਆਂਦਾ ਜਾਵੇ। ਉਨ੍ਹਾਂ ਕਿਹਾ, “ਹਾਲਾਂਕਿ ਪੰਜਾਬ ਵਿੱਚ ਅਪਰਾਧ ਨਾ ਹੋਣ ਦੇਣਾ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਸੂਬੇ ਤੋਂ ਬਾਹਰੋਂ ਕੰਮ ਕਰ ਰਹੇ ਗੈਂਗਸਟਰਾਂ ਨਾਲ ਨਜਿੱਠਣ ਵਿੱਚ ਕੇਂਦਰ ਸਰਕਾਰ ਦੀ ਵੀ ਅਹਿਮ ਜ਼ਿੰਮੇਵਾਰੀ ਬਣਦੀ ਹੈ।”
ਉਨ੍ਹਾਂ ਕਿਹਾ, “ਮੈਂ ਕੇਂਦਰ ਸਰਕਾਰ ਅਤੇ ਭਾਜਪਾ ਸਰਕਾਰ ਦੇ ਨਾਲ-ਨਾਲ ਅਕਾਲੀ ਦਲ ਨੂੰ ਵੀ ਅਪੀਲ ਕਰਾਂਗਾ ਜੋ ਭਾਜਪਾ ਨਾਲ ਗਠਜੋੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿ ਭਾਜਪਾ ਸ਼ਾਸਿਤ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੈਠੇ ਅਤੇ ਸੁਰੱਖਿਅਤ ਪਨਾਹਗਾਹਾਂ ਤੋਂ ਕੰਮ ਕਰ ਰਹੇ ਗੈਂਗਸਟਰਾਂ ‘ਤੇ ਨੱਥ ਪਾਈ ਜਾਣੀ ਚਾਹੀਦੀ ਹੈ।”
‘ਆਪ’ ਪੰਜਾਬ ਪ੍ਰਧਾਨ ਨੇ ਕਿਹਾ ਕਿ ਇਹ ਗੈਂਗਸਟਰ ਸਿਰਫ਼ ਸਥਾਨਕ ਪੱਧਰ ‘ਤੇ ਹੀ ਨਹੀਂ ਬਲਕਿ ਕੌਮੀ ਅਤੇ ਕੌਮਾਂਤਰੀ ਅਪਰਾਧਿਕ ਨੈੱਟਵਰਕ ਚਲਾ ਰਹੇ ਹਨ। ਉਨ੍ਹਾਂ ਕਿਹਾ, “ਭਾਜਪਾ ਸ਼ਾਸਿਤ ਰਾਜਾਂ ਦੀਆਂ ਜੇਲ੍ਹਾਂ ਅਤੇ ਸੁਰੱਖਿਅਤ ਪਨਾਹਗਾਹਾਂ ਵਿੱਚ ਬੈਠੇ ਇਹ ਗੈਂਗਸਟਰ ਨਾ ਸਿਰਫ਼ ਰਾਸ਼ਟਰੀ ਬਲਕਿ ਅੰਤਰਰਾਸ਼ਟਰੀ ਰੈਕੇਟ ਚਲਾ ਰਹੇ ਹਨ। ਉਨ੍ਹਾਂ ਅਧੀਨ ਸੈਂਕੜੇ ਅਤੇ ਹਜ਼ਾਰਾਂ ਗੈਂਗਸਟਰ ਕੰਮ ਕਰ ਰਹੇ ਹਨ। ਉਹ ਜਿਸ ਵਿਅਕਤੀ, ਰਾਜ ਜਾਂ ਦੇਸ਼ ਨੂੰ ਨਿਸ਼ਾਨਾ ਬਣਾਉਣਾ ਚਾਹੁਣ, ਉਸ ਨੂੰ ਨਿਸ਼ਾਨਾ ਬਣਾ ਸਕਦੇ ਹਨ।”
ਉਨ੍ਹਾਂ ਕਿਹਾ, “ਉਹ ਕੇਂਦਰ ਸਰਕਾਰ ਜਾਂ ਭਾਜਪਾ ਸਰਕਾਰਾਂ ਦੀ ਹਿਰਾਸਤ ਵਿੱਚ ਹਨ। ਉਨ੍ਹਾਂ ‘ਤੇ ਨਜ਼ਰ ਰੱਖਣਾ ਅਤੇ ਉਨ੍ਹਾਂ ‘ਤੇ ਠੱਲ੍ਹ ਪਾਉਣੀ ਲਾਜ਼ਮੀ ਹੈ।”
ਅਮਨ ਅਰੋੜਾ ਨੇ ਦੁਹਰਾਇਆ ਕਿ ਪੰਜਾਬ ਬਿਨਾਂ ਕਿਸੇ ਸਮਝੌਤੇ ਤੋਂ ਗੈਂਗਸਟਰਾਂ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖੇਗਾ। ਉਨ੍ਹਾਂ ਕਿਹਾ, “ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਮੈਂ ਇੱਕ ਵਾਰ ਫਿਰ ਦੁਹਰਾਵਾਂਗਾ ਕਿ ਭਗਵੰਤ ਮਾਨ ਸਰਕਾਰ ਅਤੇ ਪੰਜਾਬ ਪੁਲਿਸ ਅਜਿਹੇ ਅਨਸਰਾਂ ਨੂੰ ਇੱਥੇ ਪੈਰ ਨਹੀਂ ਪਸਾਰਨ ਦੇਵੇਗੀ। ਪੰਜਾਬ ਪੁਲਿਸ ਉਹ ਬਲ ਹੈ ਜਿਸ ਨੇ ਪੰਜਾਬ ਨੂੰ ਅੱਤਵਾਦ ਦੇ ਕਾਲੇ ਦੌਰ ਵਿੱਚੋਂ ਕੱਢਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਜੋ ਕੁਝ ਪੰਜਾਬ ਪੁਲਿਸ ਨੇ ਪਹਿਲਾਂ ਹੰਢਾਇਆ ਹੈ, ਉਸ ਦੇ ਸਾਹਮਣੇ ਇਹ ਕੁਝ ਵੀ ਨਹੀਂ ਹੈ।”
ਉਨ੍ਹਾਂ ਅੱਗੇ ਕਿਹਾ ਕਿ ਤਕਨਾਲੋਜੀ ਨਾਲ ਸੰਗਠਿਤ ਅਪਰਾਧ ਦਾ ਸਰੂਪ ਬਦਲ ਗਿਆ ਹੈ। ਉਨ੍ਹਾਂ ਕਿਹਾ, “ਮੌਜੂਦਾ ਸਮਾਂ ਤਕਨਾਲੋਜੀ ਦਾ ਯੁੱਗ ਹੈ। ਇੱਥੇ ਐਨਕ੍ਰਿਪਟਡ ਮੈਸੇਜ ਅਤੇ ਐਨਕ੍ਰਿਪਟਡ ਵੌਇਸ ਕਾਲਾਂ ਹਨ। ਇਨ੍ਹਾਂ ਨੂੰ ਟਰੈਕ ਕਰਨਾ ਇਕੱਲੀ ਸੂਬਾ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਬਣਦੀ। ਇਸ ਲਈ ਕੇਂਦਰੀ ਏਜੰਸੀਆਂ ਅਤੇ ਕੌਮੀ ਪੱਧਰ ਦੀ ਲਹਿਰ ਦੀ ਲੋੜ ਹੈ।”
ਅਮਨ ਅਰੋੜਾ ਨੇ ਮਾਲਦੋਵਾ ਅਧਾਰਤ ਗੈਂਗਸਟਰ ਨੂੰ ਪੰਜਾਬ ਵਾਪਸ ਲਿਆਉਣ ਲਈ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਕਾਰਵਾਈ ਮਾਨ ਸਰਕਾਰ ਦੇ ਨਿਰਦੇਸ਼ਾਂ ਅਤੇ ਓਐਫਟੀਈਸੀ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸਫਲਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, “ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਇਸ ਗੈਂਗਸਟਰ ਨੂੰ ਮਾਲਦੋਵਾ ਤੋਂ ਵਾਪਸ ਲਿਆਉਣ ਵਿੱਚ ਹਾਸਲ ਕੀਤੀ ਇਸ ਵੱਡੀ ਸਫਲਤਾ ਲਈ ਪੰਜਾਬ ਪੁਲਿਸ ਨੂੰ ਵਧਾਈ ਦਿੰਦਾ ਹਾਂ।”
ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੰਦਿਆਂ ਅਮਨ ਅਰੋੜਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਪਰਾਧਿਕ ਘਟਨਾ, ਵਾਰਦਾਤ ਦੀ ਕੋਸ਼ਿਸ਼ ਜਾਂ ਫਿਰੌਤੀ ਦੀ ਕਾਲ ਬਾਰੇ ਜਾਣਕਾਰੀ ਮਿਲਣ ‘ਤੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ, “ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ, ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਘਟਨਾ ਵਾਪਰਨ ਵਾਲੀ ਹੈ ਜਾਂ ਤੁਹਾਨੂੰ ਫਿਰੌਤੀ ਦੀ ਕੋਈ ਕਾਲ ਆਉਂਦੀ ਹੈ, ਤਾਂ ਸਥਾਨਕ ਪੁਲਿਸ ਨੂੰ ਰਿਪੋਰਟ ਕੀਤੀ ਜਾਵੇ ਤਾਂ ਜੋ ਸਰਕਾਰ ਅਤੇ ਪੁਲਿਸ ਸਖ਼ਤ ਕਾਰਵਾਈ ਕਰ ਸਕਣ।”
‘ਆਪ’ ਪੰਜਾਬ ਪ੍ਰਧਾਨ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਭਗਵੰਤ ਮਾਨ ਸਰਕਾਰ ਅਪਰਾਧਿਕ ਨੈੱਟਵਰਕਾਂ ਵਿਰੁੱਧ ਫੈਸਲਾਕੁੰਨ ਕਾਰਵਾਈ ਜਾਰੀ ਰੱਖੇਗੀ ਅਤੇ ਸੂਬੇ ਦੀ ਸ਼ਾਂਤੀ ਤੇ ਸੁਰੱਖਿਆ ਦੀ ਰਾਖੀ ਕਰਨਾ ਯਕੀਨੀ ਬਣਾਉਂਦੀ ਰਹੇਗੀ।












