ਲੁਧਿਆਣਾ, 12 ਦਸੰਬਰ 2021 (ਰਣਜੀਤ ਸਿੰਘ ਢੀਂਡਸਾ) – ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਿਹਾ ਕਿਸਾਨੀ ਮੋਰਚਾ ਪੂਰੇ 378 ਦਿਨਾਂ ਬਾਅਦ ਕੇਂਦਰ ਸਰਕਾਰ ਵੱਲੋਂ ਮੰਗਾਂ ਮੰਨਣ ਉਪਰੰਤ ਖਤਮ ਹੋ ਗਿਆ ਹੈ। ਕਿਸਾਨਾਂ ਨੇ 11 ਦਸੰਬਰ ਦੀ ਸਵੇਰ ਤੋਂ ਹੀ ਦਿੱਲੀ ਤੋਂ ਚਾਲੇ ਪਾ ਦਿੱਤੇ ਸਨ ਅਤੇ ਹੁਣ ਦੂਰ-ਨੇੜੇ ਦੇ ਕਿਸਾਨ ਦੇਰ-ਸਵੇਰ ਆਪਣੇ ਪਿੰਡ ਪਹੁੰਚ ਰਹੇ ਹਨ। ਅਜਿਹੇ ‘ਚ ਹੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਲਮਗੀਰ ਦਾ ਨੌਜਵਾਨ ਵਿਕਰਮਜੀਤ ਸਿੰਘ ਵਿੱਕੀ ਵੀ ਕਿਸਾਨੀ ਮੋਰਚਾ ਖਤਮ ਹੋਣ ‘ਤੇ ਪਿੰਡ ਪਹੁੰਚਿਆ ਅਤੇ ਪਿੰਡਵਾਸੀਆਂ ਵੱਲੋਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਵਿਕਰਮਜੀਤ ਸਿੰਘ ਵਿੱਕੀ ਕਿਸਾਨੀ ਮੋਰਚੇ ‘ਚ ਜਿਹੜਾ ਕਿ ਦਿੱਲੀ ਦੀਆਂ ਬਰੂਹਾਂ ‘ਤੇ 26 ਨਵੰਬਰ 2020 ਨੂੰ ਸ਼ੁਰੂ ਹੋਇਆ ਸੀ ‘ਚ ਪਹਿਲੇ ਦਿਨ ਤੋਂ ਹੀ ਸ਼ਾਮਿਲ ਸੀ ਅਤੇ ਮੋਰਚਾ ਫਤਿਹ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਹੀ ਘਰ ਪਰਤਿਆ ਹੈ। ਪਿੰਡ ਪਹੁੰਚਣ ‘ਤੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।