ਯੇਰੂਸ਼ਲਮ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜਗਬੰਦੀ ਲਾਗੂ ਹੋਣ ਦੇ ਬਾਅਦ ਅੱਜ ਤੀਸਰੀ ਵਾਰ ਬੰਧਕਾਂ ਅਤੇ ਕੈਦੀਆਂ ਦੀ ਅਦਲਾ-ਬਦਲੀ ਹੋਈ ਹੈ। ਫ਼ਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਨੇ 8 ਹੋਰਾਂ ਨੂੰ ਰਿਹਾਅ ਕਰ ਦਿਤਾ ਹੈ। ਰਿਹਾਅ ਕੀਤੇ ਗਏ ਬੰਧਕਾਂ ਵਿਚ 3 ਇਜ਼ਰਾਈਲੀ ਅਤੇ 5 ਥਾਈ ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਨੂੰ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹਮਲੇ ਦੌਰਾਨ ਅਗਵਾ ਕਰ ਲਿਆ ਗਿਆ ਸੀ। ਇਨ੍ਹਾਂ ਸਾਰੇ ਬੰਧਕਾਂ ਨੂੰ ਇਜ਼ਰਾਈਲ ਨਾਲ ਜੰਗਬੰਦੀ ਸਮਝੌਤੇ ਤਹਿਤ ਰਿਹਾਅ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਗਾਜ਼ਾ ਵਿਚ ਹਿੰਸਕ ਜੰਗ ਨੂੰ ਖ਼ਤਮ ਕਰਨਾ ਹੈ। ਬੰਧਕਾਂ ਦੀ ਰਿਹਾਈ ਤੋਂ ਬਾਅਦ, ਇਜ਼ਰਾਈਲ ਨੇ ਵੀ ਸ਼ਾਮ ਨੂੰ 110 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦਿਤਾ, ਜਿਨ੍ਹਾਂ ਵਿਚ ਇਜ਼ਰਾਈਲੀਆਂ ’ਤੇ ਜਾਨਲੇਵਾ ਹਮਲਿਆਂ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਵੀ ਸ਼ਾਮਲ ਹਨ।
ਰਿਹਾਅ ਕੀਤੇ ਗਏ ਬਹੁਤ ਸਾਰੇ ਕੈਦੀਆਂ ਵਿਚ 30 ਅਜਿਹੇ ਸਨ ਜੋ ਇਜ਼ਰਾਈਲੀਆਂ ਵਿਰੁਧ ਘਾਤਕ ਹਮਲਿਆਂ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ। ਕੁਝ ਨੂੰ ਕਬਜ਼ੇ ਵਾਲੇ ਪਛਮੀ ਕਿਨਾਰੇ ਵਾਪਸ ਜਾਣ ਦੀ ਇਜਾਜ਼ਤ ਦਿਤੀ ਗਈ ਹੈ, ਜਦੋਂ ਕਿ ਹੋਰ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਪਹਿਲਾਂ ਮਿਸਰ ਭੇਜਿਆ ਜਾ ਰਿਹਾ ਹੈ।