ਚੰਡੀਗੜ੍ਹ: ਭਗਵੰਤ ਮਾਨ ਨੇ ਖਟਕੜ ਕਲਾਂ ‘ਚ ਸਹੁੰ ਚੁੱਕ ਲਈ ਹੈ ਅਤੇ ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣ ਗਏ ਹਨ। ਦੋ ਰਿਵਾਇਤੀ ਪਾਰਟੀਆਂ ਤੋਂ ਬਾਅਦ ਬਣੀ ਇਸ ਨਵੀਂ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਪ੍ਰੀਤ ਸਿੰਘ ਗੋਲੂਕੇ ਵੱਲੋਂ ਚਿੱਠੀ ਲਿਖੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਸ ਚਿੱਠੀ ‘ਚ ਪੰਜਾਬ ਦੇ ਭਖਦੇ ਮਸਲੇ ਹੱਲ ਕਰਨ ਲਈ ਬੇਨਤੀ ਕੀਤੀ ਗਈ ਹੈ। ਉਨ੍ਹਾਂ ਨੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਮਾਮਲਾ ਚੁੱਕਿਆ।
ਉਨ੍ਹਾਂ ਨੇ ਕਿਹਾ ਕਿ-” ਪੰਜਾਬ ਸਕੂਲ ਸਿੱਖਿਆ ਬੋਰਡ ਦੀ +2 ਦੀ ਇਤਿਹਾਸ ਦੀ ਕਿਤਾਬ ਵਿੱਚ ਜੋ ਸਾਡੇ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਅਪਮਾਨਜਨਕ ਅਤੇ ਇਤਰਾਜਯੋਗ ਸ਼ਬਦ ਲਿਖੇ ਗਏ ਹਨ, ਉਨ੍ਹਾਂ ਨੂੰ ਹਟਵਾਉਣ ਲਈ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਪਿਛਲੇ ਕਈ ਦਿਨਾਂ ਤੋਂ ਬੋਰਡ ਸਾਹਮਣੇ ਧਰਨੇ ‘ਤੇ ਬੈਠੇ ਹੋਏ ਹਨ। ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਜਿਨ੍ਹਾਂ ਗੁਰੂਆਂ ਦੇ ਨਾਮ ‘ਤੇ ਪੰਜਾਬ ਨੂੰ ਜਾਣਿਆ ਜਾਂਦਾ ਹੈ, ਜਿਨ੍ਹਾਂ ਗੁਰੂਆਂ ਤੋਂ ਸੇਧ ਲੈ ਕੇ ਅਸੀਂ ਆਪਣਾ ਜੀਵਨ ਸੁਧਾਰਦੇ ਹਾਂ, ਜਿਨ੍ਹਾਂ ਗੁਰੂਆਂ ਨੇ ਹਿੰਦੂਆਂ ਦੇ ਹੱਕਾਂ ਲਈ ਦਿੱਲੀ ਵਿੱਚ ਆਪਣਾ ਸੀਸ ਦੇ ਦਿੱਤਾ, ਉਨ੍ਹਾਂ ਬਾਰੇ ਇਸ ਕਿਤਾਬ ‘ਚ ਭੱਦੀ ਸ਼ਬਦਾਵਲੀ ਲਿਖੀ ਗਈ ਹੈ। ਇਹ ਇਹਨਾਂ ਗੁਰੂਆਂ ਦੀ ਪ੍ਰੇਰਣਾ ਹੀ ਹੈ ਕਿ ਸਿੱਖਾਂ ਨੇ 80% ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅੰਗਰੇਜਾਂ ਦੀ ਗੁਲਾਮੀ ਅਜਾਦ ਕਰਵਾਉਣ ‘ਚ ਮੋਹਰੀ ਭੂਮਿਕਾ ਨਿਭਾਈ। ਪਰ ਅਫਸੋਸ ਇਸ ਕੌਮ ਨੂੰ ਆਪਣੇ ਗੁਰੂਆਂ ਅਤੇ ਆਪਣੇ ਯੋਧਿਆਂ ਦੇ ਅਪਮਾਨਜਨਕ ਇਤਿਹਾਸ ਨੂੰ ਠੀਕ ਕਰਵਾਉਣ ਲਈ ਧਰਨੇ ਦੇਣੇ ਪੈ ਰਹੇ ਹਨ। ”

ਸੂਬਾ ਸਰਕਾਰ ਤੋਂ ਕੀਤੀ ਅਪੀਲ
ਮਸਲਾ ਪੰਜਾਬ ਦੇ ਮੋਢੀ ਧਰਮ ਦਾ ਹੈ। ਜੇਕਰ ਵਿਦਿਆਰਥੀ ਅਜਿਹਾ ਇਤਿਹਾਸ ਪੜ੍ਹਣਗੇ ਤਾਂ ਕਿਤੇ ਨਾ ਕਿਤੇ ਉਹ ਝੂਠੇ ਤੱਥਾਂ ‘ਤੇ ਯਕੀਨ ਕਰਨ ਨੂੰ ਮਜਬੂਰ ਵੀ ਹੋ ਸਕਦੇ ਹਨ।
ਮੇਰੀ ਇਹ ਬੇਨਤੀ ਹੈ ਕਿ ਸੂਬਾ ਸਰਕਾਰ ਨੂੰ ਕੇਂਦਰ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਉਹ 1976 ਤੋਂ ਪਹਿਲਾਂ ਵਾਂਗ ਪੜ੍ਹਾਈ ਲਾਗੂ ਕਰਨ ਦਾ ਅਧਿਕਾਰ ਮੁੜ ਰਾਜਾਂ ਨੂੰ ਸੌਂਪੇ, ਕਿਉਂਕਿ ਕੇਂਦਰ ਕਿਸੇ ਵੀ ਰਾਜ ਦੇ ਵਿਰਸੇ, ਧਰਮ, ਸਿੱਖਿਆ ਆਦਿ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਹੋ ਸਕਦੀ। ਇਸ ਲਈ ਬੱਚਿਆਂ ਨੂੰ ਕੀ ਪੜ੍ਹਾਇਆ ਜਾਣਾ ਹੈ, ਇਹ ਅਧਿਕਾਰ ਪੰਜਾਬ ਅਤੇ ਇਸੇ ਤਰ੍ਹਾਂ ਬਾਕੀ ਸੂਬਿਆਂ ਕੋਲ ਹੀ ਹੋਣਾ ਚਾਹੀਦਾ ਹੈ।

ਸੂਬੇ ‘ਚ ਹੋ ਰਹੀ ਬੇਅਦਬੀਆਂ ਦਾ ਮਾਮਲਾ ਵੀ ਚੁੱਕਿਆ
ਹਰਪ੍ਰੀਤ ਸਿੰਘ ਗੋਲੂਕੇ ਨੇ ਮੁੱਖ ਮੰਤਰੀ ਅੱਗੇ ਸੂਬੇ ‘ਚ ਹੋ ਰਹੀ ਬੇਅਦਬੀਆਂ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਨੇ ਕਿਹਾ ਜਿਵੇਂ ਕਿ ਤੁਸੀਂ ਵਿਰੋਧੀ ਧਿਰ ‘ਚ ਰਹਿੰਦਿਆਂ ਬੇਅਦਬੀਆਂ ਦੇ ਖਿਲਾਫ਼ ਅਵਾਜ਼ ਬੁਲੰਦ ਕਰਦੇ ਰਹੇ ਹੋ, ਅਸੀਂ ਉਮੀਦ ਕਰਦੇ ਹਾਂ ਕਿ ਹੁਣ ਹਕੂਮਤ ‘ਚ ਹੋਣ ‘ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਗੈਰ ਵਾਜਿਬ ਕੁਤਾਹੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੋਗੇ।












