ਭ੍ਰਿਸ਼ਟਾਚਾਰ ‘ਤੇ ਕਾਬੂ ਪਾਉਣ ਲਈ ਐਂਟੀ ਕੁਰੱਪਸ਼ਨ ਬਿਊਰੋ ਇਨ੍ਹੀਂ ਦਿਨੀਂ ਸਰਗਰਮ ਨਜ਼ਰ ਆ ਰਿਹਾ ਹੈ। ਹਾਲ ਹੀ ਵਿੱਚ ਸਿੱਖਿਆ ਵਿਭਾਗ, ਜੰਗਲਾਤ ਵਿਭਾਗ, ਪੁਲਿਸ ਵਿਭਾਗ ਦੇ ਕਰਮਚਾਰੀ ਅਤੇ ਪਟਵਾਰੀ ਨੂੰ ਰਿਸ਼ਵਤ ਮੰਗਦੇ ਅਤੇ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।ਇਸ ਦੌਰਾਨ ਐਂਟੀ ਕੁਰੱਪਸ਼ਨ ਬਿਊਰੋ ਨੇ ਅੰਬਾਲਾ ਦੇ ਸ਼ਹਿਜ਼ਾਦਪੁਰ ਦੇ ਏ. ਥਾਣੇ ਵਿੱਚ ਤਾਇਨਾਤ ਮਹਿਲਾ ਏਐਸਆਈ ਅਤੇ ਇੱਕ ਮਹਿਲਾ ਹੈੱਡ ਕਾਂਸਟੇਬਲ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਂਟੀ ਕੁਰੱਪਸ਼ਨ ਬਿਊਰੋ ਦੇ ਇੰਸਪੈਕਟਰ ਬਿਮਲਾ ਨੇ ਦੱਸਿਆ ਕਿ ਵਿਸ਼ਾਲ ਨਾਮਕ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਥਾਣਾ ਸ਼ਹਿਜ਼ਾਦਪੁਰ ਦੀ ਏ.ਐਸ.ਆਈ ਕੁਲਵਿੰਦਰ ਕੌਰ ਅਤੇ ਹੈੱਡ ਕਾਂਸਟੇਬਲ ਗੀਤਾ ਨੇ ਉਸ ਤੋਂ ਰਾਜ਼ੀਨਾਮਾ ਕਰਵਾਉਣ ਦੇ ਨਾਂ ‘ਤੇ ਵੀਹ ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਹੈੱਡ ਕਾਂਸਟੇਬਲ ਗੀਤਾ ਕੋਲੋਂ 10 ਹਜ਼ਾਰ ਰੁਪਏ ਰਿਸ਼ਵਤ ਦੀ ਰਕਮ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਦੋਂ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਇਨ੍ਹਾਂ ਰਿਸ਼ਵਤਖੋਰ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਗਈ ਤਾਂ ਮੀਡੀਆ ਦੇ ਕੈਮਰਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਭੱਜਦੀਆਂ ਨਜ਼ਰ ਆਈਆਂ।












