ਫਤਿਹਾਬਾਦ ‘ਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੌਸਮ ‘ਚ ਬਦਲਾਅ ਤੋਂ ਬਾਅਦ ਪੇਂਡੂ ਖੇਤਰਾਂ ‘ਚ ਭਾਰੀ ਗੜੇਮਾਰੀ ਹੋਈ। ਕੁਝ ਹੀ ਸਮੇਂ ਵਿੱਚ ਗੜਿਆਂ ਕਾਰਨ ਜ਼ਮੀਨ ਚਿੱਟੀ ਹੋ ਗਈ। ਸਵੇਰੇ ਹਲਕੀ ਬਾਰਿਸ਼ ਹੋਈ। ਕੁਝ ਪਿੰਡਾਂ ਵਿੱਚ ਦੁਪਹਿਰ 2 ਵਜੇ ਦੇ ਕਰੀਬ ਗਰਜ ਤੇ ਹਨੇਰੀ ਨਾਲ ਹੋਈ ਬਾਰਿਸ਼ ਅਤੇ 2 ਤੋਂ 3 ਮਿੰਟ ਤੱਕ ਗੜੇਮਾਰੀ ਹੋਣ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ।
ਫਤਿਹਾਬਾਦ ਸ਼ਹਿਰ ਵਿੱਚ ਵੀ ਮੀਂਹ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਪਿੰਡ ਮੁਹੰਮਦਪੁਰ ਰੋਹੀ ਵਿੱਚ ਭਾਰੀ ਗੜੇਮਾਰੀ ਹੋਈ। ਘਰ ਦੇ ਵਿਹੜੇ ਅਤੇ ਖੇਤ ਥੋੜ੍ਹੇ ਸਮੇਂ ਵਿੱਚ ਹੀ ਚਿੱਟੀ ਬਰਫ਼ ਨਾਲ ਢੱਕ ਗਏ।
ਇਸਤੋਂ ਇਲਾਵਾ ਤੇਜ਼ ਹਵਾ ਦੇ ਨਾਲ ਪਏ ਮੀਂਹ ਕਾਰਨ ਕਣਕ ਅਤੇ ਸਰੋਂ ਦੀ ਫ਼ਸਲ ਜ਼ਮੀਨ ‘ਤੇ ਵਿਛ ਗਈ। ਦੁਪਹਿਰ ਵੇਲੇ ਮੀਂਹ ਦੇ ਨਾਲ ਹੀ ਐਮ.ਪੀ ਰੋਹੀ, ਧਾਂਗੜ, ਬੜੋਪਾਲ ਅਤੇ ਕੁਝ ਹੋਰ ਪਿੰਡਾਂ ਵਿੱਚ 2 ਮਿੰਟ ਤੱਕ ਗੜੇਮਾਰੀ ਹੋਈ।
ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਮੌਸਮ ਵਿਗਿਆਨੀਆਂ ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 3 ਮਾਰਚ ਤੱਕ ਮੌਸਮ ਬਦਲਿਆ ਰਹੇਗਾ।
ਇਸ ਸਮੇਂ ਦੌਰਾਨ, ਖੇਤਰ ਵਿੱਚ ਤੇਜ਼ ਹਵਾਵਾਂ ਅਤੇ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੜੇਮਾਰੀ ਕਾਰਨ ਕਣਕ ਅਤੇ ਸਰ੍ਹੋਂ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਜ਼ਮੀਨ ‘ਤੇ ਫੈਲੀਆਂ ਫ਼ਸਲਾਂ ਦਾ ਨੁਕਸਾਨ ਹੋਵੇਗਾ ਜਿਸ ਨਾਲ ਕਣਕ ਅਤੇ ਸਰ੍ਹੋਂ ਦੀ ਪੈਦਾਵਾਰ ਪ੍ਰਭਾਵਿਤ ਹੋਵੇਗੀ।












