ਬਦਲਦੇ ਮੌਸਮ ਵਿਚ ਜ਼ੁਕਾਮ ਤੇ ਖਾਂਸੀ ਦੀ ਸਮੱਸਿਆ ਆਮ ਹੋ ਜਾਂਦੀ ਹੈ। ਇਸ ਕਾਰਨ ਗਲੇ ‘ਚ ਖਰਾਸ਼ ਤੇ ਨੱਕ ਬੰਦ ਹੋਣ ਦੀ ਸਮੱਸਿਆ ਹੁੰਦੀ ਹੈ। ਹਾਲਾਂਕਿ, ਇਹ ਸਮੱਸਿਆਵਾਂ ਕਿਸੇ ਵੀ ਮੌਸਮ ਵਿੱਚ ਹੋ ਸਕਦੀਆਂ ਹਨ। ਕਈ ਵਾਰ ਜ਼ਿਆਦਾ ਠੰਡੀਆਂ ਚੀਜ਼ਾਂ ਖਾਣ ਨਾਲ ਵੀ ਜ਼ੁਕਾਮ ਹੋ ਸਕਦਾ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਰਸੋਈ ਦੀਆਂ ਕੁਝ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਜ਼ੁਕਾਮ ਅਤੇ ਫਲੂ ਤੋਂ ਛੁਟਕਾਰਾ ਪਾਉਣ ਲਈ ਕਈ ਘਰੇਲੂ ਉਪਚਾਰ ਹਨ।
ਦੁੱਧ ਅਤੇ ਹਲਦੀ
ਹਲਦੀ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਨੂੰ ਕੋਸੇ ਦੁੱਧ ‘ਚ ਮਿਲਾ ਕੇ ਪੀਣ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ।
ਗਰਮ ਪਾਣੀ
ਗਰਮ ਪਾਣੀ ਸਰੀਰ ਦੇ ਇਨਫੈਕਸ਼ਨ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਕੋਸਾ ਪਾਣੀ ਜ਼ਰੂਰ ਪੀਓ। ਇਹ ਗਲੇ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ।
ਭਾਫ਼
ਸਟੀਮ ਲੈਣ ਨਾਲ ਸਰਦੀ-ਜ਼ੁਕਾਮ ਵਿਚ ਬਹੁਤ ਰਾਹਤ ਮਿਲਦੀ ਹੈ। ਦਰਅਸਲ, ਭਾਫ਼ ਬੰਦ ਨੱਕ ਨੂੰ ਖੋਲ੍ਹਦੀ ਹੈ। ਤੁਸੀਂ ਸਾਦੇ ਪਾਣੀ ਦੀ ਭਾਫ਼ ਲੈ ਸਕਦੇ ਹੋ। ਤੁਸੀਂ ਚਾਹੋ ਤਾਂ ਪਾਣੀ ‘ਚ ਲੌਂਗ ਦਾ ਤੇਲ ਪਾ ਸਕਦੇ ਹੋ, ਇਸ ਨਾਲ ਵੀ ਫਾਇਦਾ ਹੁੰਦਾ ਹੈ।
ਤੁਲਸੀ
ਜ਼ੁਕਾਮ ਅਤੇ ਫਲੂ ਤੋਂ ਰਾਹਤ ਪਾਉਣ ਲਈ ਤੁਲਸੀ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਲਸੀ ਦੀ ਚਾਹ ਜ਼ੁਕਾਮ ਅਤੇ ਫਲੂ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਹੈ। ਇਸ ਦੇ ਲਈ ਤੁਸੀਂ ਤੁਲਸੀ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਸਕਦੇ ਹੋ, ਜੇਕਰ ਤੁਸੀਂ ਚਾਹੋ ਤਾਂ ਇਸ ‘ਚ ਚੁਟਕੀ ਭਰ ਨਮਕ ਵੀ ਮਿਲਾ ਸਕਦੇ ਹੋ। ਪੱਤਿਆਂ ਨੂੰ ਛਾਣ ਲਓ, ਹੁਣ ਤੁਸੀਂ ਇਸ ਪਾਣੀ ਦਾ ਸੇਵਨ ਕਰ ਸਕਦੇ ਹੋ।
ਅਦਰਕ
ਅਦਰਕ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜ਼ੁਕਾਮ ਤੇ ਫਲੂ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਇਕ ਕਟੋਰੀ ‘ਚ ਅਦਰਕ ਦੇ ਕੱਟੇ ਹੋਏ ਟੁਕੜੇ ਪਾ ਕੇ ਇਸ ਪਾਣੀ ਨੂੰ ਉਬਾਲ ਲਓ। ਹੁਣ ਇਸ ਨੂੰ ਛਾਣ ਲਓ, ਜਦੋਂ ਇਹ ਕੋਸਾ ਹੋ ਜਾਵੇ ਤਾਂ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਦੇ ਟੁਕੜਿਆਂ ਨੂੰ ਪਕਾ ਸਕਦੇ ਹੋ, ਹੁਣ ਨਮਕ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ।












