ਕੀ ਤੁਸੀਂ ਕਦੇ ਇਸ ਗੱਲ ‘ਤੇ ਗੌਰ ਕੀਤਾ ਹੈ ਕਿ ਮੱਛਰ ਕੁਝ ਲੋਕਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਡੰਗ ਮਾਰਦੇ ਹਨ, ਭਾਵੇਂ ਕਿ ਹਰ ਕੋਈ ਇੱਕੋ ਸਮੇਂ ਤੇ ਇੱਕੋ ਥਾਂ ‘ਤੇ ਹੀ ਕਿਉ ਨਾ ਬੈਠਾ ਹੋਵੇ? ਕਿਉਂਕਿ ਮੱਛਰ ਮਲੇਰੀਆ, ਜ਼ੀਕਾ, ਅਤੇ ਡੇਂਗੂ ਬੁਖਾਰ ਵਰਗੀਆਂ ਬਿਮਾਰੀਆਂ ਫੈਲਾ ਸਕਦੇ ਹਨ, ਵਿਗਿਆਨੀ ਵੱਖ-ਵੱਖ ਕਾਰਕਾਂ ਦੀ ਜਾਂਚ ਕਰ ਰਹੇ ਹਨ ਜੋ ਕੁਝ ਲੋਕਾਂ ਨੂੰ ਮੱਛਰਾਂ ਪ੍ਰਤੀ ਵਧੇਰੇ ਆਕਰਸ਼ਕ ਬਣਾ ਸਕਦੇ ਹਨ। ਇਹਨਾਂ ਕਾਰਕਾਂ ਵਿੱਚੋਂ ਇੱਕ ਹੈ ਬਲੱਡ ਗਰੁੱਪ।
ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੁਝ ਲੋਕਾਂ ਦੀ ਚਮੜੀ ਅਜਿਹੀ ਹੁੰਦੀ ਹੈ ਕਿ ਮੱਛਰ ਉਨ੍ਹਾਂ ਵੱਲ ਆਕਰਸ਼ਿਤ ਹੋਣ ਲੱਗਦੇ ਹਨ। ਅਸਲ ਵਿੱਚ ਇਹ ਸਰੀਰ ਵਿੱਚ ਮੌਜੂਦ ਖਾਸ ਬੈਕਟੀਰੀਆ ਤੋਂ ਨਿਕਲਣ ਵਾਲੇ ਯੂਰਿਕ ਐਸਿਡ, ਲੈਕਟਿਕ ਐਸਿਡ ਅਤੇ ਅਮੋਨੀਆ ਦੇ ਕਾਰਨ ਹੁੰਦਾ ਹੈ। ਮੱਛਰ ਇਸ ਦੀ ਗੰਧ ਨੂੰ ਪਸੰਦ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਮੱਛਰ ਉਨ੍ਹਾਂ ਨੂੰ ਜ਼ਿਆਦਾ ਕੱਟਦੇ ਹਨ। ਖੋਜ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਓ (O) ਬਲੱਡ ਹੁੰਦਾ ਹੈ, ਮੱਛਰ ਉਨ੍ਹਾਂ ਨੂੰ ਜ਼ਿਆਦਾ ਕੱਟਦਾ ਹੈ। ਉਨ੍ਹਾਂ ਦਾ ਖੂਨ ਮੱਛਰ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਜਦੋਂ ਕਿ ਏ (A) ਬਲੱਡ ਗਰੁੱਪ ਵਾਲੇ ਲੋਕਾਂ ਨੂੰ ਮੱਛਰ ਘੱਟ ਕੱਟਦੇ ਹਨ।
ਦੱਸ ਦੇਈਏ ਕਿ ਮੱਛਰ ਦੇ ਕੱਟਣ ਅਤੇ ਇਸ ਤੋਂ ਬਾਅਦ ਹੋਣ ਵਾਲੀ ਖੁਜਲੀ ਇੱਕ ਮਾਮੂਲੀ ਸਮੱਸਿਆ ਹੈ ਪਰ ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਇਨਫੈਕਸ਼ਨ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ। ਹਰ ਸਾਲ ਲੱਖਾਂ ਲੋਕ ਕਿਸੇ ਨਾ ਕਿਸੇ ਮੱਛਰ ਤੋਂ ਪੈਦਾ ਹੋਣ ਵਾਲੀ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ। ਮੱਛਰ ਦੇ ਕੱਟਣ ਤੋਂ ਤਿੰਨ ਤੋਂ ਚਾਰ ਦਿਨਾਂ ਬਾਅਦ ਇਸ ਨਾਲ ਹੋਣ ਵਾਲੀ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ। ਇਸ ਸਮੇਂ ਦੌਰਾਨ, ਸੰਕਰਮਿਤ ਵਿਅਕਤੀ ਨੂੰ ਤੇਜ਼ ਬੁਖਾਰ, ਅਚਾਨਕ ਪੇਟ ਵਿਚ ਦਰਦ, ਤੇਜ਼ ਸਿਰ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਤੇਜ਼ ਦਰਦ, ਉਲਟੀਆਂ, ਦਸਤ, ਗਲੇ ਵਿਚ ਖਰਾਸ਼, ਜਿਗਰ ਦੀ ਸੋਜ ਅਤੇ ਅੱਖ ਦੇ ਪਿਛਲੇ ਹਿੱਸੇ ਵਿਚ ਦਰਦ ਵਰਗੇ ਲੱਛਣ ਹੋ ਸਕਦੇ ਹਨ। .ਇਸ ਲਈ ਸਾਵਧਾਨੀ ਵਜੋਂ ਆਪਣੇ ਆਪ ਨੂੰ ਮੱਛਰਾਂ ਤੋਂ ਬਚਾਉਣ ਲਈ ਪੂਰੀ ਬਾਹਾਂ ਵਾਲੀ ਕਮੀਜ਼ ਪਾਓ। ਉਨ੍ਹਾਂ ਥਾਵਾਂ ‘ਤੇ ਜਾਣ ਤੋਂ ਬਚੋ ਜਿੱਥੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬੁਖਾਰ ਫੈਲਦਾ ਹੈ। ਮੱਛਰਾਂ ਤੋਂ ਬਚਣ ਲਈ ਦਵਾਈਆਂ ਜਾਂ ਸਪਰੇਅ ਦੀ ਵਰਤੋਂ ਕਰਦੇ ਰਹੋ।