ਭਾਜਪਾ ਦੇ ਹਰਸ਼ ਮਹਾਜਨ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਸੀਟ ਜਿੱਤ ਗਏ ਹਨ। ਵਿਧਾਨ ਸਭਾ ਵਿੱਚ ਬਹੁਮਤ ਦੇ ਬਾਵਜੂਦ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਚੋਣ ਹਾਰ ਗਏ। ਵੋਟਿੰਗ ਵਿੱਚ ਦੋਵਾਂ ਨੂੰ 34-34 ਵੋਟਾਂ ਮਿਲੀਆਂ। ਜਿਸ ਤੋਂ ਬਾਅਦ ਲਾਟਰੀ ਰਾਹੀਂ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨਿਆ ਗਿਆ।
ਇਸ ਦੇ ਨਾਲ ਹੀ 9 ਵਿਧਾਇਕਾਂ ਦੀ ਕਰਾਸ ਵੋਟਿੰਗ ਕਾਰਨ ਸੀਐਮ ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖ਼ਤਰੇ ਵਿੱਚ ਹੈ। ਹਿਮਾਚਲ ਵਿੱਚ 6 ਕਾਂਗਰਸੀ ਅਤੇ 3 ਆਜ਼ਾਦ ਵਿਧਾਇਕਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟ ਪਾਈ।
ਕਰਾਸ ਵੋਟ ਪਾਉਣ ਵਾਲਿਆਂ ਵਿੱਚ ਸੁਜਾਨਪੁਰ ਤੋਂ ਕਾਂਗਰਸ ਦੇ ਰਾਜਿੰਦਰ ਰਾਣਾ, ਧਰਮਸ਼ਾਲਾ ਤੋਂ ਸੁਧੀਰ ਸ਼ਰਮਾ, ਕੁਟਲਹਾਰ ਤੋਂ ਦੇਵੇਂਦਰ ਭੁੱਟੋ, ਬਡਸਰ ਤੋਂ ਆਈਡੀ ਲਖਨਪਾਲ, ਲਾਹੌਲ-ਸਪੀਤੀ ਤੋਂ ਰਵੀ ਠਾਕੁਰ ਅਤੇ ਗਗਰੇਟ ਤੋਂ ਚੈਤੰਨਿਆ ਸ਼ਰਮਾ ਸ਼ਾਮਲ ਹਨ। ਇਹ ਸਾਰੇ ਵੋਟਿੰਗ ਤੋਂ ਪਹਿਲਾਂ ਸਵੇਰੇ ਇੱਕੋ ਗੱਡੀ ਵਿੱਚ ਵਿਧਾਨ ਸਭਾ ਪੁੱਜੇ।
ਵਿਧਾਨ ਸਭਾ ਦੇ ਬਾਹਰ ਜਿਵੇਂ ਹੀ ਉਹ ਕਾਰ ਤੋਂ ਹੇਠਾਂ ਉਤਰੇ ਤਾਂ ਭਾਜਪਾ ਵਿਧਾਇਕ ਬਿਕਰਮ ਠਾਕੁਰ ਅਤੇ ਰਾਕੇਸ਼ ਜਾਮਵਾਲ ਉਨ੍ਹਾਂ ਨੂੰ ਮਿਲੇ।3 ਆਜ਼ਾਦ ਵਿਧਾਇਕਾਂ ਹਮੀਰਪੁਰ ਤੋਂ ਆਸ਼ੀਸ਼ ਸ਼ਰਮਾ, ਡੇਹਰਾ ਦੇ ਹੁਸ਼ਿਆਰ ਸਿੰਘ ਅਤੇ ਨਾਲਾਗੜ੍ਹ ਦੇ ਕੇਐਲ ਠਾਕੁਰ ਨੇ ਵੀ ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੂੰ ਵੋਟ ਪਾਈ।
ਵੋਟਿੰਗ ਤੋਂ ਬਾਅਦ ਇਨ੍ਹਾਂ ਸਾਰੇ 9 ਵਿਧਾਇਕਾਂ ਨੂੰ ਸੀਆਰਪੀਐਫ ਸੁਰੱਖਿਆ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸਾਰੇ ਪੰਚਕੂਲਾ ਸਥਿਤ ਰੈਸਟ ਹਾਊਸ ਪਹੁੰਚੇ। ਰਾਜ ਸਭਾ ਚੋਣਾਂ ਵਿੱਚ ਸਾਰੇ 68 ਵਿਧਾਇਕਾਂ ਨੇ ਆਪਣੀ ਵੋਟ ਪਾਈ।











