ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲੇ ਲਾਹੌਲ ਸਪਿਤੀ ‘ਚ ਅਟਲ ਸੁਰੰਗ ਦੇ ਉੱਤਰੀ ਪੋਰਟਲ ਨੇੜੇ ਬਰਫ ਦਾ ਤੂਫਾਨ ਆਇਆ ਹੈ, ਜਿਸ ਕਾਰਨ ਵੱਡੀ ਮਾਤਰਾ ‘ਚ ਬਰਫ ਦਾ ਮਲਬਾ ਚੰਦਰਾ ਨਦੀ ‘ਚ ਡਿੱਗ ਗਿਆ ਹੈ। ਨਦੀ ‘ਚ ਮਲਬਾ ਡਿੱਗਣ ਕਾਰਨ ਚੰਦਰ ਨਦੀ ਦਾ ਵਹਾਅ ਰੁਕ ਗਿਆ ਹੈ, ਜਿਸ ਕਾਰਨ ਅਟਲ ਸੁਰੰਗ ਦੇ ਉੱਤਰੀ ਪੋਰਟਲ ਨੇੜੇ ਨਦੀ ‘ਤੇ ਝੀਲ ਬਣ ਰਹੀ ਹੈ।
ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਇਲਾਕੇ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਪੁਲਿਸ ਮੁਲਾਜ਼ਮ ਲਗਾਤਾਰ ਲਾਊਡ ਸਪੀਕਰਾਂ ਰਾਹੀਂ ਸਥਾਨਕ ਲੋਕਾਂ ਸਮੇਤ ਸੈਲਾਨੀਆਂ ਨੂੰ ਨਦੀ ਦੇ ਨੇੜੇ ਨਾ ਜਾਣ ਦੀ ਸਲਾਹ ਦੇ ਰਹੇ ਹਨ।
ਜਾਣਕਾਰੀ ਮੁਤਾਬਕ ਸਵੇਰੇ ਕਰੀਬ 11 ਵਜੇ ਅਟਲ ਸੁਰੰਗ ਦੇ ਉੱਤਰੀ ਪੋਰਟਲ ਨੇੜੇ ਪਹਾੜੀ ਤੋਂ ਬਰਫ ਦਾ ਤੂਫਾਨ ਆਇਆ, ਜੋ ਸਿੱਧਾ ਚੰਦਰਾ ਨਦੀ ‘ਚ ਜਾ ਡਿੱਗਿਆ। ਬਰਫ਼ ਦੇ ਮਲਬੇ ਤੋਂ ਝੀਲ ਬਣਨ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਅਟਲ ਸੁਰੰਗ ਦੇ ਉੱਤਰੀ ਪੋਰਟਲ ਤੋਂ ਨਦੀ ਦੇ ਕੰਢੇ ਵਸੇ ਪਿੰਡਾਂ ਨੂੰ ਚੇਤਾਵਨੀ ਦੇ ਰਹੀ ਹੈ, ਤਾਂ ਜੋ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।
ਐਸਪੀ ਲਾਹੌਲ ਸਪਿਤੀ ਮਯੰਕ ਚੌਧਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਨਦੀ ਦੇ ਕੰਢੇ ਸਥਿਤ ਪਿੰਡ ਨੂੰ ਅਲਰਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲੀਸ ਵਾਹਨਾਂ ਵਿੱਚ ਲਾਊਡ ਸਪੀਕਰਾਂ ਰਾਹੀਂ ਐਲਾਨ ਕਰਕੇ ਲੋਕਾਂ ਨੂੰ ਇਸ ਖਤਰੇ ਬਾਰੇ ਸੁਚੇਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਕੋਈ ਖ਼ਤਰਨਾਕ ਸਥਿਤੀ ਨਹੀਂ ਹੈ ਪਰ ਜਿਸ ਤਰ੍ਹਾਂ ਨਾਲ ਦਰਿਆ ਦਾ ਵਹਾਅ ਰੁਕਿਆ ਹੈ, ਉਸ ਨੂੰ ਦੇਖਦੇ ਹੋਏ ਸਾਵਧਾਨੀ ਵਰਤਣੀ ਜ਼ਰੂਰੀ ਹੈ।