ਹਿਮਾਚਲ ਦੇ ਕਬਾਇਲੀ ਜ਼ਿਲ੍ਹੇ ਕਿਨੌਰ ਵਿੱਚ ਅੱਜ ਸਵੇਰੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ । ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਬੱਸ ਕਿਨੌਰ ਦੇ ਨਾਕੋ ਨੇੜੇ ਬਰਫ਼ ‘ਤੇ ਤਿਲਕਣ ਕਾਰਨ ਸੜਕ ‘ਤੇ ਪਲਟ ਗਈ। ਇਸ ਕਾਰਨ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ 12 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਮਿਲੀ ਅਨੁਸਾਰ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਐਚਆਰਟੀਸੀ ਦੀ ਬੱਸ ਨੰਬਰ ਐਚਪੀ-25ਏ-5384 ਸਮਦੋ ਤੋਂ ਰੇਕਾਂਗਪਿਓ ਜਾ ਰਹੀ ਸੀ। ਇਸ ਦੌਰਾਨ ਬੱਸ ਨਾਕੋ ‘ਤੇ ਬਰਫ਼ ‘ਤੇ ਫਿਸਲ ਕੇ ਸੜਕ ‘ਤੇ ਪਲਟ ਗਈ। ਜੇਕਰ ਬੱਸ ਸੜਕ ਤੋਂ ਖਾਈ ਵਿੱਚ ਜਾ ਡਿੱਗੀ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸ ਦਈਏ ਕਿ ਬੱਸ ਪਲਟਦਿਆਂ ਹੀ ਕੁਝ ਸਮੇਂ ਲਈ ਮੌਕੇ ‘ਤੇ ਰੌਲਾ ਪੈ ਗਿਆ। ਇਸਤੋਂ ਬਾਅਦ ਸਥਾਨਕ ਲੋਕਾਂ ਨੇ ਸਾਰੇ ਜ਼ਖਮੀਆਂ ਨੂੰ ਬੱਸ ‘ਚੋਂ ਕੱਢ ਕੇ ਰੇਕਾਂਗਪਿਓ ਹਸਪਤਾਲ ਪਹੁੰਚਾਇਆ।
ਟਰਾਂਸਪੋਰਟ ਕਾਰਪੋਰੇਸ਼ਨ ਦੇ ਇੰਸਪੈਕਟਰ ਗੋਪਾਲ ਨੇਗੀ ਨੇ ਦੱਸਿਆ ਕਿ ਬੱਸ ਡਰਾਈਵਰ ਮਨਜੀਤ ਅਤੇ ਕੰਡਕਟਰ ਅਵਿਨਾਸ਼ ਸਮੇਤ ਸਾਰੇ 12 ਯਾਤਰੀ ਸੁਰੱਖਿਅਤ ਹਨ। ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਕਿਨੌਰ ਜ਼ਿਲ੍ਹੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੀਤੀ ਰਾਤ ਤੋਂ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਸੜਕਾਂ ’ਤੇ ਤਿਲਕਣ ਵਧ ਗਈ ਹੈ। ਅਜਿਹੇ ‘ਚ ਸੜਕਾਂ ‘ਤੇ ਆਵਾਜਾਈ ਖਤਰਨਾਕ ਸਾਬਤ ਹੋ ਸਕਦੀ ਹੈ। ਖ਼ਤਰਨਾਕ ਸੜਕਾਂ ਦੇ ਮੱਦੇਨਜ਼ਰ ਸਥਾਨਕ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਬੇਲੋੜੇ ਸਫ਼ਰ ਤੋਂ ਬਚਣ ਅਤੇ ਖ਼ਤਰਨਾਕ ਸੜਕਾਂ ‘ਤੇ ਵਾਹਨ ਚਲਾਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ।