ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਸ਼ਹੀਦ ਹੌਲਦਾਰ ਰੋਹਿਤ ਨੇਗੀ ਦੀ ਮ੍ਰਿਤਕ ਦੇਹ ਨੂੰ ਕਰੀਬ 9 ਮਹੀਨਿਆਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਤਰੰਡਾ ਲਿਆਂਦਾ ਗਿਆ। ਇਸ ਦੌਰਾਨ ਸਾਰਾ ਪਿੰਡ ਰੋਹਿਤ ਨੇਗੀ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਸ਼ਹੀਦ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਲੋਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ।
ਦੱਸ ਦਈਏ ਕਿ ਰੋਹਿਤ ਨੇਗੀ ਡੋਗਰਾ ਰੈਜੀਮੈਂਟ ‘ਚ ਤਾਇਨਾਤ ਸਨ। ਪਿਛਲੇ ਸਾਲ ਅਕਤੂਬਰ ‘ਚ ਕਸ਼ਮੀਰ ‘ਚ ਡਿਊਟੀ ਦੌਰਾਨ ਰੋਹਿਤ ਨੇਗੀ ਕੁਝ ਹੋਰ ਸੈਨਿਕਾਂ ਨਾਲ ਗਲੇਸ਼ੀਅਰ ‘ਚ ਦੱਬ ਗਏ ਸਨ। ਉਸ ਦੌਰਾਨ ਸਿਰਫ਼ ਇੱਕ ਸ਼ਹੀਦ ਫ਼ੌਜੀ ਦੀ ਲਾਸ਼ ਹੀ ਮਿਲੀ ਸੀ ਜਦਕਿ ਰੋਹਿਤ ਦੀ ਲਾਸ਼ ਚਾਰ ਦਿਨ ਪਹਿਲਾਂ ਮਿਲੀ ਸੀ।
ਬਾਅਦ ਵਿੱਚ ਰੋਹਿਤ ਦੀ ਮ੍ਰਿਤਕ ਦੇਹ ਨੂੰ ਕਾਰਗਿਲ ਲਿਆਂਦਾ ਗਿਆ, ਜਿੱਥੋਂ ਇਸ ਨੂੰ ਸਿੱਧਾ ਚੰਡੀਗੜ੍ਹ ਅਤੇ ਅੱਜ ਸਵੇਰੇ ਉਸ ਦੇ ਜੱਦੀ ਪਿੰਡ ਤਰੰਡਾ ਲਿਆਂਦਾ ਗਿਆ। ਇਸ ਸਬੰਧੀ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਦੋ ਦਿਨ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ।
ਰੋਹਿਤ ਦੀ ਮਿ੍ਤਕ ਦੇਹ ਪਿੰਡ ਪਹੁੰਚਣ ਤੋਂ ਬਾਅਦ ਅੱਜ ਸਵੇਰੇ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਪੁੱਜੇ | ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਭਾਵਨਗਰ ਅਰੁਣ ਸਮੇਤ ਪੁਲਿਸ ਟੀਮ ਨੇ ਸ਼ਮੂਲੀਅਤ ਕੀਤੀ।