ਨਵੀਂ ਦਿੱਲੀ: ਦੇਸ਼ ਵਿੱਚ ਇਸ ਵਾਰ ਮਾਰਚ ਮਹੀਨੇ ਵਿੱਚ ਗਰਮੀ ਨੇ ਪਿਛਲੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਸਾਲ 1901 ਵਿੱਚ ਇੰਨੀ ਗਰਮੀ ਮਾਰਚ ਮਹੀਨੇ ਵਿੱਚ ਦਰਜ ਕੀਤੀ ਗਈ ਸੀ। ਪਿਛਲੇ 122 ਸਾਲਾਂ ਵਿੱਚ 1901 ਤੋਂ 2022 ਤੱਕ ਸਭ ਤੋਂ ਵੱਧ 33.10 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਅਤੇ ਮਾਰਚ 2010 ਦੇ 33.09 ਡਿਗਰੀ ਸੈਲਸੀਅਸ ਦੇ ਰਿਕਾਰਡ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਦਿੱਲੀ-ਐੱਨ.ਸੀ.ਆਰ ‘ਚ ਰੋਜ਼ਾਨਾ ਤਾਪਮਾਨ ਵਧ ਰਿਹਾ ਹੈ ਅਤੇ ਅਪ੍ਰੈਲ ‘ਚ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦੇਸ਼ ਭਰ ਵਿੱਚ ਸਭ ਤੋਂ ਵੱਧ ਤਾਪਮਾਨ 33.10 ਡਿਗਰੀ ਰਿਹਾ। ਇਸ ਤੋਂ ਪਹਿਲਾਂ ਮਾਰਚ 2022 ਵਿੱਚ ਇਹ ਰਿਕਾਰਡ 2010 ਵਿੱਚ ਟੁੱਟਿਆ ਸੀ, ਜਦੋਂ ਸਭ ਤੋਂ ਵੱਧ ਤਾਪਮਾਨ 33.9 ਡਿਗਰੀ ਦਰਜ ਕੀਤਾ ਗਿਆ ਸੀ। ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਹਾਲਾਤ ਹੁਣ 8 ਤੋਂ 10 ਦਿਨਾਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਵਾਰ ਦੇਸ਼ ਦੇ ਜਿਨ੍ਹਾਂ ਹਿੱਸਿਆਂ ‘ਚ ਗਰਮੀ ਜ਼ਿਆਦਾ ਪੈਣ ਵਾਲੀ ਹੈ, ਉਹ ਹਨ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਗੁਜਰਾਤ। ਵੱਡੀ ਗੱਲ ਇਹ ਹੈ ਕਿ ਇਸ ਵਾਰ ਮਾਰਚ ਵਿੱਚ ਪੱਛਮੀ ਹਿਮਾਲਿਆ ਵਿੱਚ ਵੀ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ ਹੈ।











