ਨਵੀਂ ਦਿੱਲੀ, 9 ਦਸੰਬਰ 2021 – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਮਿਲਨਾਡੂ ਵਿੱਚ ਫੌਜੀ ਹੈਲੀਕਾਪਟਰ ਹਾਦਸੇ ‘ਤੇ ਲੋਕ ਸਭਾ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕੇ ਭਾਰਤੀ ਹਵਾਈ ਸੈਨਾ (IAF) ਨੇ ਮਿਲਟਰੀ ਹੈਲੀਕਾਪਟਰ ਹਾਦਸੇ ਦੀ ਤਿਕੋਣੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਦੀ ਅਗਵਾਈ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਕਰਨਗੇ। ਜਾਂਚ ਟੀਮ ਕੱਲ੍ਹ ਹੀ ਵੈਲਿੰਗਟਨ ਪਹੁੰਚ ਗਈ ਸੀ ਅਤੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ CDS ਜਨਰਲ ਬਿਪਿਨ ਰਾਵਤ ਦਾ ਅੰਤਿਮ ਸਸਕਾਰ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਹੋਰ ਫੌਜੀ ਜਵਾਨਾਂ ਦੀਆਂ ਅੰਤਿਮ ਰਸਮਾਂ ਉਚਿਤ ਫੌਜੀ ਸਨਮਾਨ ਨਾਲ ਕੀਤੀਆਂ ਜਾਣਗੀਆਂ। ਇਸ ਤੋਂ ਬਿਨਾ ਰਾਜਨਾਥ ਨੇ ਕਿਹਾ ਕੇ ਗਰੁੱਪ ਕੈਪਟਨ ਵਰੁਣ ਸਿੰਘ ਮਿਲਟਰੀ ਹਸਪਤਾਲ, ਵੈਲਿੰਗਟਨ ਵਿੱਚ ਲਾਈਫ ਸਪੋਰਟ ‘ਤੇ ਹਨ। ਉਸ ਦੀ ਜਾਨ ਬਚਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਵੀਰਵਾਰ ਨੂੰ ਸੀ ਡੀ ਐਸ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹੋਰ ਕਰਮਚਾਰੀਆਂ ਦੀ ਮੌਤ ਤੇ ਮੌਨ ਰੱਖਿਆ ਗਿਆ। ਸੀ ਡੀ ਐਸ ਬਿਪਿਨ ਰਾਵਤ ਦੀ ਪਤਨੀ ਮਧੁਲਿਕਾ ਸਮੇਤ 14 ਫੌਜੀ ਕਰਮਚਾਰੀ ਫੌਜ ਦੇ ਹੈਲੀਕਾਪਟਰ ਵਿੱਚ ਸਵਾਰ ਸਨ ਜੋ ਬੁੱਧਵਾਰ ਦੁਪਹਿਰ ਨੂੰ ਤਾਮਿਲਨਾਡੂ ਦੇ ਕੂਨੂਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਨ੍ਹਾਂ ‘ਚੋਂ 13 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ‘ਚ ਪੰਜਾਬ ਦੇ ਤਰਨਤਾਰਨ ਦਾ ਇਕ ਜਵਾਨ ਵੀ ਸ਼ਹੀਦ ਹੋਇਆ ਹੈ।