ਚੰਡੀਗੜ੍ਹ, (ਪ੍ਰਵੀਨ ਵਿਕਰਾਂਤ): ਮਾਂ ਬੋਲੀ ਨੂੰ ਅਲੋਪ ਕਰਨ ਵਾਲਿਆਂ ਖਿਲਾਫ਼ ਜੰਗ ਲੜਕੇ ਇਸਨੂੰ ਜਿਉਂਦਾ ਰੱਖਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਕਈ ਲੋਕ ਅੱਗੇ ਆ ਰਹੇ ਨੇ। ਸੱਭਿਆਚਾਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਖਿਲਾਫ਼ ਲੜ ਕੇ ਇਸਨੂੰ ਸਥਾਈ ਰੱਖਣ ਦੀਆਂ ਕੋਸ਼ਿਸ਼ਾਂ ਵੀ ਬਹੁਤ ਹੋ ਰਹੀਆਂ ਨੇ। ਪਰ ਜੇ ਵਿਗਾੜ ਦੇ ਸਰੋਤਾਂ ਦੀ ਗੱਲ ਕਰੀਏ ਤਾਂ ਟੈਲੀਵਿਜ਼ਨ, ਰਸਾਲੇ, ਬਾਲੀਵੁਡ ਦੀਆਂ ਫਿਲਮਾਂ ਨੂੰ ਵੀ ਪਹਿਲਾਂ ਬਹੁਤ ਕੋਸਿਆ ਜਾਂਦਾ ਸੀ ਕਿ ਇਸ ਨਾਲ ਸਾਡੀਆਂ ਪੀੜ੍ਹੀਆਂ ਵਿਗੜ ਜਾਣਗੀਆਂ, ਪਰ ਇਸਦਾ ਕਿੰਨਾ ਅਤੇ ਕਿਸ ਤਰ੍ਹਾਂ ਦਾ ਅਸਰ ਹੋਇਆ ਇਹ ਸੱਭ ਦੇ ਸਾਹਮਣੇ ਹੈ, ਬੇਸ਼ਕ ਕੋਝੀਆਂ ਕੋਸ਼ਿਸ਼ਾਂ ਕਈ ਹੋਈਆਂ ਪਰ ਸੈਂਸਰ ਬੋਰਡ ਨੇ ਪੂਰੀ ਤਰ੍ਹਾਂ ਨਾ ਸਹੀ ਪਰ ਕਾਫੀ ਹੱਦ ਤੱਕ ਕੰਟਰੋਲ ਕਰਕੇ ਚੰਗੀਆਂ ਚੀਜਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜਾਰੀ ਰੱਖੀ ਜਿਸਦੇ ਨਤੀਜੇ ਵਜੋਂ ਟੈਲੀਵਿਜ਼ਨ ਅਤੇ ਬਾਲੀਵੁਡ ਫਿਲਮਾਂ ਦਾ ਸਕਰਾਤਮਕ ਪਹਿਲੂ ਵੀ ਕਾਫੀ ਸਾਹਮਣੇ ਆਏ। ਮਸਲਨ ਸਿੱਖਣ ਨੂੰ ਬਹੁਤ ਕੁੱਝ ਸੀ, ਮਾੜਾ ਵਿਖਾਇਆ ਜਾਂਦਾ ਤਾਂ ਡੱਟ ਕੇ ਵਿਰੋਧ ਹੁੰਦਾ ਅਤੇ ਇਤਰਾਜਯੋਗ ਸਮੱਗਰੀ ਹਟਾਈ ਵੀ ਜਾਂਦੀ ਜਾਂ ਹਟਾਉਣੀ ਪੈਂਦੀ ਪਰ ਹੁਣ ਜ਼ਮਾਨਾ ਇੰਟਰਨੈੱਟ ਦਾ ਹੈ, ਬਹੁਤ ਕੁੱਝ ਵੱਸੋਂ ਬਾਹਰ ਹੈ।
ਹੁਣ ਜੋ ਵੈੱਬਸੀਰੀਜ਼ ਦਾ ਦੌਰ ਸ਼ੁਰੂ ਹੋਇਆ ਹੈ, ਉਸਨੇ ਪੂਰੀ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਆਪਣੇ ਕਲਾਵੇ ‘ਚ ਲੈ ਲਿਆ ਹੈ। ਜਿੰਨਾ ਗੰਦ, ਗਾਲੀ-ਗਲੋਚ ਪਰੋਸਿਆ ਜਾ ਰਿਹੈ ਉਹ ਉਸ ਪੀੜ੍ਹੀ ਨੂੰ ਖਰਾਬ ਕਰ ਰਿਹੈ ਜਿੰਨੇ ਅੱਗੇ ਜਾ ਕੇ ਦੇਸ਼, ਸੂਬਾ ਤੇ ਵਿਰਸਾ ਸੰਭਾਲਣੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਵੈੱਬਸੀਰੀਜ਼ ‘ਚ ਜੋ ਕੰਮ ਦੀ ਕੁਆਲਿਟੀ ਨਜ਼ਰ ਆ ਰਹੀ ਏ ਉਹ ਚੁਣਿੰਦਾ ਫਿਲਮਾਂ ‘ਚ ਹੀ ਨਜ਼ਰ ਆਇਆ ਕਰਦੀ ਸੀ, ਜੋ ਐਕਟਿੰਗ, ਡਾਇਰੈਕਸ਼ਨ, ਸਪੈਸ਼ਲ ਇਫੈਕਟਸ, ਸਪੀਡ ਨਜ਼ਰ ਆ ਰਹੀ ਏ ਉਹ ਕਾਬਿਲ-ਏ-ਤਾਰੀਫ਼ ਹੋ ਸਕਦੀ ਏ ਬਸ਼ਰਤੇ ਕਿ ਇਤਰਾਜਯੋਗ ਦ੍ਰਿਸ਼ ਸੰਕੇਤਕ ਤਰੀਕੇ ਨਾਲ ਵਿਖਾਏ ਜਾ ਸਕਣ, ਅਤੇ ਭਾਸ਼ਾ ਦੀ ਜੋ ਮਾਂ-ਭੈਣ ਕੀਤੀ ਜਾ ਰਹੀ ਏ ਉਸ ਤੋਂ ਗੁਰੇਜ਼ ਕੀਤਾ ਜਾ ਸਕੇ। ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਸੁਧਰੀ ਭਾਸ਼ਾ ਅਤੇ ਸੰਕੇਤਕ ਦ੍ਰਿਸ਼ਾਂ ਨਾਲ ਵੀ ਪੂਰੀ ਕਹਾਣੀ ਦੀ ਖੂਬਸੂਰਤੀ ਕਾਇਮ ਰੱਖੀ ਜਾ ਸਕਦੀ ਏ, ਫਿਰ ਪਤਾ ਨਹੀਂ ਕਿਸ ਵਜ੍ਹਾ ਨਾਲ ਜਾਂ ਕਿਸ ਸਾਜਿਸ਼ ਨਾਲ ਇਹ ਸੱਭ ਕੀਤਾ ਜਾ ਰਿਹੈ। ਹੋਰ ਤਾਂ ਹੋਰ ਦੇਖਾ-ਦੇਖੀ ਮਨੋਰੰਜਨ ਦੇ ਬਾਕੀ ਸਾਧਨ ਵੀ ਲੈ ਲੋ, ਟਿਕਟਾਕ ਤਾਂ ਫਿਰ ਕੁੱਝ ਪਰਦੇ ਅੰਦਰ ਚੱਲ ਰਿਹਾ ਸੀ, ਹੁਣ ਰੀਲ ਜਾਂ ਸ਼ਾਟਸ ਵਿੱਚ ਕੁੜੀਆਂ ਜਿਸ ਤਰ੍ਹਾਂ ਜਿਸਮ ਦੀ ਨੁਮਾਇਸ਼ ਕਰ ਰਹੀਆਂ ਨੇ ਇਹ ਰੁਝਾਨ ਕਿੱਧਰ ਨੂੰ ਲੈ ਕੇ ਜਾਏਗਾ? ਥੋੜ੍ਹੇ ਜਿਹੇ ਵਿਊਜ਼ ਅਤੇ ਕਮਾਈ ਵਾਸਤੇ ਜੋ ਜਿਸ ਤਰ੍ਹਾਂ ਰੀਲਾਂ ਚ ਜਿਸਮ ਦੀ ਨੁਮਾਇਸ਼ ਕੀਤੀ ਜਾ ਰਹੀ ਏ ਇਸਤੇ ਠੱਲ ਪਾਉਣ ਦੀ ਲੋੜ ਏ ਜੇਕਰ ਸਮਾਜਿਕ ਸ਼ਰਮ ਹੀ ਖ਼ਤਮ ਹੋ ਗਈ ਤਾਂ ਪੱਛਮੀ ਸੱਭਿਆਚਾਰ ਅਤੇ ਪੂਰਬੀ ਸੱਭਿਆਚਾਰ ‘ਚ ਕੋਈ ਫਰਕ ਨਹੀਂ ਰਹਿਣਾ। ਇਸਦੇ ਲਈ ਸਮਾਜ ਦੇ ਹਰ ਧਰਮ ਦੇ ਬੁੱਧੀਜੀਵੀਆਂ ਨੂੰ ਅੱਗੇ ਆਉਣਾ ਪਏਗਾ। ਆਪਣੀਆਂ ਲਿਖਤਾਂ, ਤਕਰੀਰਾਂ ਰਾਹੀਂ ਠੋਸ ਸੁਨੇਹਾ ਦੇਣਾ ਪਏਗਾ। ਕਿਉਂ ਸੱਭਿਆਚਾਰ ਤੇ ਇਹ ਜੋ ਹਮਲਾ ਹੈ ਇਹ ਕਿਸੇ ਇੱਕ ਸੂਬੇ ਜਾਂ ਖੇਤਰ ਚ ਨਹੀਂ ਪੂਰੇ ਦੇਸ਼ ਨੂੰ ਕਲਾਵੇ ‘ਚ ਲੈ ਰਿਹਾ ਹੈ।
ਭਾਈ ਅੰਮ੍ਰਿਤਪਾਲ ਸਿੰਘ ਦਾ ਏਜੰਡਾ ਕੁੱਝ ਲੋਕਾਂ ਲਈ ਠੀਕ ਹੈ ਅਤੇ ਕਈ ਲੋਕ ਇਸਦੇ ਖਿਲਾਫ਼ ਨੇ ਪਰ ਜੇਕਰ ਅਸੀਂ ਇਸ ਵਿਵਾਦ ‘ਚ ਨਾ ਪਈਏ ਤਾਂ ਜਿਸ ਸਖਤਾਈ ਨਾਲ ਉਹ ਕੁੱਝ ਬੁਰਾਈਆਂ ‘ਤੇ ਜਿਸ ਤਰ੍ਹਾਂ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਲੋਕਾਂ ਨੂੰ ਗੁਰੂ ਦੇ ਲੜ ਲਾ ਰਹੇ ਨੇ ਉਹ ਕਾਬਿਲ-ਏ-ਤਾਰੀਫ਼ ਏ, ਉਹ ਅਜਿਹੀਆਂ ਸਮਾਜਿਕ ਕੁਰੀਤੀਆਂ ਖਿਲਾਫ ਵੀ ਜੇ ਅਵਾਜ਼ ਚੁੱਕਣ ਤਾਂ ਲੋਕ ਭਲਾਈ ਦੀ ਲਹਿਰ ‘ਚ ਇੱਕ ਵੱਡਾ ਕਦਮ ਹੋ ਸਕਦੈ। ਕਿਉਂ ਕਿ ਪੰਜਾਬ ‘ਚ ਵੀ ਇਹ ਬੁਰਾਈ ਬੜੀ ਤੇਜੀ ਨਾਲ ਪੈਰ ਪਸਾਰ ਰਹੀ ਏ।