ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ/ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫ਼ਿਲਮਾਂ/ਐਨਮੇਸ਼ਨ ਫ਼ਿਲਮਾਂ ਦੇ ਮਾਮਲਿਆਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸੰਸਥਾਵਾਂ, ਸਭਾ ਸੁਸਾਇਟੀਆਂ, ਕੌਮੀ ਮਾਮਲਿਆਂ ਪ੍ਰਤੀ ਸੰਜੀਦਾ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਵਿਸ਼ੇਸ਼ ਇਕੱਤਰਤਾ ਭਲਕੇ 2 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਸਿੱਖ ਸਰੋਕਾਰਾਂ ਸਬੰਧੀ ਬਣਦੀਆਂ ਫ਼ਿਲਮਾਂ ਨੂੰ ਲੈ ਕੇ ਸਿੱਖ ਜਗਤ ਅਕਸਰ ਹੀ ਚਿੰਤਤ ਰਹਿੰਦਾ ਹੈ, ਇਸ ਲਈ ਇਸ ਸੰਜੀਦਾ ਮਸਲੇ ਉੱਤੇ ਖ਼ਾਲਸਾ ਪੰਥ ਤੇ ਸਿੱਖ ਵਿਦਵਾਨਾਂ ਦੀ ਰਾਏ ਅਤਿ ਜ਼ਰੂਰੀ ਹੈ, ਜਿਸ ਅਨੁਸਾਰ ਅਗਲੀ ਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਏ ਪ੍ਰਾਪਤ ਕਰਨ ਲਈ 2 ਮਈ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਸ ਇਕੱਤਰਤਾ ਦੀ ਅਗਵਾਈ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਕਰਨਗੇ।