ਚੰਡੀਗੜ੍ਹ, 4 ਦਸੰਬਰ 2021 – ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਨੇ ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਜੁਆਈਂਨ ਕਰ ਲਈ ਸੀ। ਜਿਸ ਤੋਂ ਬਾਅਦ ਲਗਾਤਾਰ ਉਸ ਦੇ ਉਸ ਦੇ ਵਿਰੋਧੀ ਉਸ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਸਵਾਲ ਚੁੱਕ ਰਹੇ ਸਨ।
ਜਿਸ ਤੋਂ ਬਾਅਦ ਸ਼ਨੀਵਾਰ ਨੂੰ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਕਿਹਾ ਕਿ ਜੇਕਰ ਉਹ ਕਾਂਗਰਸ ਛੱਡ ਕੇ ਦੂਜੀ ਪਾਰਟੀ ‘ਚ ਜਾਂਦੇ ਤਾਂ ਲੋਕਾਂ ਨੇ ਕਹਿਣਾ ਸੀ ਕਿ ਤੁਸੀਂ ਬੇਅਦਬੀ ਵਾਲਿਆਂ ਨਾਲ ਤੁਰੇ ਫਿਰਦੇ ਹੋ ਜੇ ਉਹ ਭਾਜਪਾ ‘ਚ ਜਾਂਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ ਇਹ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ। ਸਿੱਧੂ ਨੇ ਕਿਹਾ ਕਿ ਜੇਕਰ ਉਹ ਆਜ਼ਾਦ ਵੀ ਖੜ੍ਹਾ ਹੋ ਜਾਂਦਾ ਹੈ ਤਾਂ ਵੀ ਲੋਕਾਂ ਨੇ ਸਵਾਲ ਚੁੱਕਣੇ ਸੀ। ਸਿੱਧੂ ਨੇ ਸਵਾਲ ਚੁੱਕਣ ਵਾਲਿਆਂ ਨੂੰ ਕਿਹਾ ਕਿ ਉਹ ਮੈਨੂੰ ਦੱਸ ਦੇਣ ਕਿ ਉਹ ਕੀ ਕਰਨ ?
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਛੱਪੜ ਦੀ ਸਫਾਈ ਲਈ ਛੱਪੜ ‘ਚ ਉਤਰਨਾ ਪਵੇਗਾ। ਮੈਂ ਆਮ ਲੋਕਾਂ ਦੀ ਭਲਾਈ ਲਈ ਰਾਜਨੀਤੀ ਵਿਚ ਆਇਆ ਹਾਂ। ਕਲਾਕਾਰ ਪੈਸਾ ਇਕੱਠਾ ਕਰਦੇ ਹਨ ਪਰ ਲੋਕਾਂ ਦਾ ਭਲਾ ਨਹੀਂ ਕਰਦੇ। ਮੈਂ ਮਾਨਸਾ ਦੇ ਲੋਕਾਂ ਨਾਲ ਖੜ੍ਹਾ ਹਾਂ। 3 ਸਾਲਾਂ ‘ਚ ਮੇਰੇ ‘ਤੇ 6 ਪਰਚੇ ਦਰਜ ਹੋਏ। ਜੇਕਰ ਮੇਰੇ ‘ਤੇ ਪਰਚੇ ਦਰਜ ਹੋ ਸਕਦੇ ਹਨ ਤਾਂ ਆਮ ਆਦਮੀ ਦਾ ਕੀ ਹੋਵੇਗਾ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਮਾਨਸਾ ਦੇ ਲੋਕਾਂ ਨਾਲ ਖੜ੍ਹਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਲਈ ਹੀ ਉਹ ਸਿਆਸਤ ‘ਚ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਉਨ੍ਹਾਂ ਨੂੰ ਕੋਈ ਸਵਾਲ ਕਰਨਾ ਹੈ ਤਾਂ ਜਿੱਥੇ ਮਰਜ਼ੀ, ਜਦੋਂ ਮਰਜ਼ੀ ਉਨ੍ਹਾਂ ਤੋਂ ਪੁੱਛ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਂ ਜੇਕਰ ਕੱਲ੍ਹ ਨੂੰ ਸਰਕਾਰ ਬਣਦੀ ਹੈ ਤਾਂ ਉਹ ਲੋਕਾਂ ਦੇ ਕੰਮ ਨਹੀਂ ਕਰਦੇ ਤਾਂ ਲੋਕ ਉਨ੍ਹਾਂ ਨੂੰ ਮਾੜਾ ਕਹਿ ਸਕਦੇ ਹਨ।