ਚੰਡੀਗੜ੍ਹ, 03 ਦਸੰਬਰ 2021- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਿਆਸੀ ਖੇਡ ਸ਼ੁਰੂ ਕਰ ਦਿੱਤੀ ਹੈ ਆਏ ਚੰਡੀਗੜ੍ਹ ਦੇ ਸੈਕਟਰ 9 ਵਿੱਚ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਨਵਾਂ ਦਫ਼ਤਰ ਖੋਲ੍ਹ ਦਿੱਤਾ ਗਿਆ ਹੈ। ਕੱਲ੍ਹ 4 ਦਸੰਬਰ ਨੂੰ ਅਮਰਿੰਦਰ ਦਿੱਲੀ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੀਟਿੰਗ ਕਰਨਗੇ। ਇਸ ਦੇ ਲਈ ਉਹ ਅੱਜ ਹੀ ਦਿੱਲੀ ਲਈ ਰਵਾਨਾ ਹੋ ਸਕਦੇ ਹਨ। ਬੈਠਕ ‘ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਸੀਟਾਂ ਦੀ ਵੰਡ ‘ਤੇ ਚਰਚਾ ਕਰਨਗੇ।
ਕੈਪਟਨ ਦੀ ਭਾਜਪਾ ਨਾਲ ਮੀਟਿੰਗ ਦਾ ਸਮਾਂ ਵੀ ਉਸੇ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ, ਜਿਸ ‘ਤੇ ਅਮਰਿੰਦਰ ਨੇ ਆਪਣਾ ਸਿਆਸੀ ਭਵਿੱਖ ਦਾਅ ‘ਤੇ ਲਗਾ ਦਿੱਤਾ ਸੀ। ਕੈਪਟਨ ਨੇ ਕਿਹਾ ਸੀ ਕਿ ਅੰਦੋਲਨ ਖਤਮ ਹੋਣ ਤੋਂ ਬਾਅਦ ਉਹ ਭਾਜਪਾ ਨਾਲ ਗੱਲ ਕਰਨਗੇ। ਕੱਲ ਯਾਨੀ 4 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਨੂੰ ਖਤਮ ਕਰਨ ਦਾ ਫੈਸਲਾ ਲੈਣ ਜਾ ਰਿਹਾ ਹੈ। ਇਸ ਤੋਂ ਬਿਨਾਂ ਕੈਪਟਨ ਨੇ ਕਾਂਗਰਸ ‘ਤੇ ਵੀ ਜ਼ੁਬਾਨੀ ਹਮਲੇ ਤੇਜ਼ ਕਰ ਦਿੱਤੇ ਹਨ।
ਕੈਪਟਨ ਨੇ ਕਿਹਾ ਕਿ ਕਾਂਗਰਸ ‘ਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਇੱਥੇ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਕਿਸ ਨੇ ਕੀ ਕਰਨਾ ਹੈ। ਪੰਜਾਬ ਦੀ ਮੌਜੂਦਾ ਚੰਨੀ ਦੀ ਸਰਕਾਰ ਬਾਰੇ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਫੈਸਲੇ ਵੀ ਦਿੱਲੀ ਤੋਂ ਹੀ ਲਏ ਜਾ ਰਹੇ ਹਨ।