ਨਵੀ ਦਿੱਲੀ, 3 ਦਸੰਬਰ 2021 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਰਾਜ ਸਭਾ ਮੈਂਬਰ ਡਾ. ਮਨਮੋਹਨ ਸਿੰਘ ਮੌਜੂਦਾ ਸਰਦ ਰੁੱਤ ਸੈਸ਼ਨ ’ਚ ਹਿੱਸਾ ਨਹੀਂ ਲੈ ਸਕਣਗੇ। ਇਸ ਦਾ ਕਾਰਨ ਹੈ ਕੇ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਇਸ ਸੰਬੰਧ ‘ਚ ਡਾ. ਮਨਮੋਹਨ ਸਿੰਘ ਨੇ ਸਪੀਕਰ ਐੱਮ.ਵੈਂਕਈਆ ਨਾਇਡੂ ਨੂੰ ਚਿੱਠੀ ਲਿਖੀ ਸੀ ਅਤੇ ਡਾ. ਮਨਮੋਹਨ ਸਿੰਘ ਨੇ ਸਿਹਤ ਠੀਕ ਨਾ ਹੋਣ ਕਰਕੇ 29 ਨਵੰਬਰ ਤੋਂ 23 ਦਸੰਬਰ ਤੱਕ ਛੁੱਟੀ ਦੀ ਅਪੀਲ ਕੀਤੀ ਸੀ। ਡਾ. ਮਨਮੋਹਨ ਸਿੰਘ (89) ਨੂੰ ਬੁਖ਼ਾਰ ਆਉਣ ਤੋਂ ਬਾਅਦ ਕਮਜ਼ੋਰੀ ਕਾਰਨ 13 ਅਕਤੂਬਰ ਨੂੰ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ ਅਤੇ 31 ਅਕਤੂਬਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।
ਉੱਚ ਸਦਨ ਦੀ ਬੈਠਕ ‘ਚ ਸਪੀਕਰ ਐੱਮ.ਵੈਂਕਈਆ ਨਾਇਡੂ ਨੇ ਦੱਸਿਆ ਕਿ ਉਨ੍ਹਾਂ ਨੂੰ ਡਾ. ਮਨਮੋਹਨ ਸਿੰਘ ਦੀ ਇਕ ਚਿੱਠੀ ਮਿਲੀ ਹੈ, ਜਿਸ ’ਚ ਉਨ੍ਹਾਂ ਨੇ ਸਿਹਤ ਸੰਬੰਧੀ ਕਾਰਨਾਂ ਕਰ ਕੇ ਰਾਜ ਸਭਾ ਦੇ ਮੌਜੂਦਾ 225ਵੇਂ ਸੈਸ਼ਨ ’ਚ ਹਿੱਸਾ ਲੈਣ ’ਚ ਅਸਮਰੱਥਾ ਜ਼ਾਹਰ ਕੀਤੀ ਹੈ। ਸਦਨ ਦੀ ਸਹਿਮਤੀ ਤੋਂ ਬਾਅਦ ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਨੂੰ ਮੌਜੂਦਾ ਸੈਸ਼ਨ ਤੋਂ ਛੁੱਟੀ ਦੀ ਮਨਜ਼ੂਰੀ ਦੇ ਦਿੱਤੀ।
ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਮਨਮੋਹਨ ਸਿੰਘ ਰਾਜ ਸਭਾ ਦੇ ਮੈਂਬਰ ਹਨ। ਸਦਨ ਦੀ ਪਰੰਪਰਾ ਅਨੁਸਾਰ, ਜੇਕਰ ਕੋਈ ਮੈਂਬਰ ਸੈਸ਼ਨ ਦੌਰਾਨ ਛੁੱਟੀ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਸਦਨ ਤੋਂ ਇਸ ਦੀ ਮਨਜ਼ੂਰੀ ਲੈਣੀ ਪੈਂਦੀ ਹੈ।