
ਚੰਡੀਗੜ੍ਹ, 3 ਦਸੰਬਰ 2021 – ਦਸੰਬਰ ਚੜ੍ਹਦਿਆਂ ਹੀ ਮੌਸਮ ਨੇ ਕਰਵਟ ਬਦਲ ਲਈ ਹੈ। ਮੌਸਮ ਵਿਭਾਗ ਵੱਲੋਂ ਪਹਾੜੀ ਇਲਾਕਿਆਂ ‘ਚ ਮੀਂਹ ਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਸੂਬੇ ਦੇ ਉਪਰਲੇ ਹਿੱਸਿਆਂ ਵਿੱਚ ਬਰਫ਼ਬਾਰੀ ਤੇ ਹੇਠਲੇ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਪਹਾੜਾਂ ‘ਚ ਹੋਈ ਬਰਫਬਾਰੀ ਕਾਰਨ ਪੰਜਾਬ ਦਾ ਪਾਰਾ ਵੀ ਇੱਕਦਮ ਡਿੱਗ ਗਿਆ ਹੈ। 1 ਅਤੇ 2 ਦਸੰਬਰ ਨੂੰ ਪੰਜਾਬ ‘ਚ ਸੂਰਜ ਨੇ ਮੂੰਹ ਦਿਖਾਈ ਵੀ ਨਹੀਂ ਕੀਤੀ ਅਤੇ ਦੋਵੇਂ ਦਿਨ ਠੰਢ ਕਾਫੀ ਰਹੀ। ਪਰ ਅੱਜ 3 ਦਸੰਬਰ ਨੂੰ ਚੜ੍ਹਦੀ ਸੇਵਰ ਸੂਰਜ ਨਿੱਕਲਿਆ ਹੈ ਪਰ ਮੌਸਮ ਅਜੇ ਵੀ ਗੰਦਲਾ ਬਣਿਆ ਹੋਇਆ ਹੈ।
ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਪੂਰੇ ਉੱਤਰੀ ਭਾਰਤ ਵਿੱਚ ਠੰਢ ਹੋਰ ਵਧ ਸਕਦੀ ਹੈ। ਪਹਾੜਾਂ ਵਿੱਚ ਬਰਫਬਾਰੀ ਹੋ ਰਹੀ ਹੈ ਜਿਸ ਨਾਲ ਮੈਦਾਨੀ ਇਲਾਕਿਆਂ ਦਾ ਪਾਰਾ ਹੋਰ ਡਿੱਗੇਗਾ। ਇਸ ਤੋਂ ਇਲਾਵਾ ਹਲਕੀ ਬਾਰਸ਼ ਵੀ ਪੈ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 3 ਤੇ 4 ਦਸੰਬਰ ਨੂੰ ਉੱਤਰੀ ਤੱਟੀ ਆਂਧਰਾ ਪ੍ਰਦੇਸ਼, 3 ਦਸੰਬਰ ਤੋਂ 5 ਦਸੰਬਰ ਦੇ ਦੌਰਾਨ ਤੱਟਵਰਤੀ ਉੜੀਸਾ ਤੇ 4 ਤੋਂ 5 ਦਸੰਬਰ ਦੇ ਦੌਰਾਨ ਗੰਗਾ ਪੱਛਮੀ ਬੰਗਾਲ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ 4 ਦਸੰਬਰ ਨੂੰ ਤੱਟਵਰਤੀ ਉੜੀਸਾ ‘ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 4 ਦਸੰਬਰ ਤੋਂ ਮੁੜ ਸਰਗਰਮ ਪੱਛਮੀ ਗੜਬੜੀ ਕਾਰਨ ਸੂਬੇ ਵਿੱਚ ਭਾਰੀ ਬਰਫ਼ਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।