ਜਲੰਧਰ ਚ ਬੇਰੁਜ਼ਗਾਰ ਬੀ-ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਫਿਰ ਤੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ। ਬੇਰੁਜ਼ਗਾਰਾਂ ਵੱਲੋਂ ਪਰਗਟ ਸਿੰਘ ਦੀ ਕੋਠੀ ਅੱਗੇ ਚੁੱਪ ਚੁਪੀਤੇ ਧਰਨਾ ਲਗਾ ਦਿੱਤਾ ਗਿਆ। ਇਸ ਦੌਰਾਨ ਵੀਡੀਓ ਬਣਾ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲੀਸ ਵੱਲੋਂ ਧੱਕੇ ਵੀ ਮਾਰੇ ਗਏ ਅਤੇ ਕੁਝ ਮੀਡੀਆ ਕਰਮੀਆਂ ਨੂੰ ਵੀ ਇਨ੍ਹਾਂ ਬੇਰੁਜ਼ਗਾਰਾਂ ਦੀ ਕਵਰੇਜ ਕਰਨ ਤੋਂ ਰੋਕਿਆ ਗਿਆ। ਥੋੜ੍ਹੇ ਸਮੇਂ ਬਾਅਦ ਸਿੱਖਿਆ ਮੰਤਰੀ ਘਰ ਤੋਂ ਬਾਹਰ ਨਿਕਲੇ ਅਤੇ ਬੇਰੁਜ਼ਗਾਰਾਂ ਨਾਲ ਮੁਲਾਕਾਤ ਕਰਕੇ 10 ਦਸੰਬਰ ਤਕ ਖਾਲੀ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ।
ਸਿੱਖਿਆ ਮੰਤਰੀ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਬੇਰੁਜ਼ਗਾਰਾਂ ਨੇ ਆਪਣਾ ਧਰਨਾ ਚੁੱਕਿਆ ਅਤੇ ਜਾਂਦੇ-ਜਾਂਦੇ ਚਿਤਾਵਨੀ ਦੇ ਗਏ ਕਿ ਜੇਕਰ ਸਿੱਖਿਆ ਮੰਤਰੀ ਵੱਲੋਂ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ 10 ਤਾਰੀਖ਼ ਤੋਂ ਬਾਅਦ ਫਿਰ ਦੋਬਾਰਾ ਸਿੱਖਿਆ ਮੰਤਰੀ ਦੇ ਘਰ ਅੱਗੇ ਧਰਨੇ ਲਗਾਏ ਜਾਣਗੇ। ਜ਼ਿਕਰਯੋਗ ਹੈ ਕਿ ਇਹ ਬੀ-ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਪੰਜਾਬੀ, ਹਿੰਦੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੀਆਂ 9000 ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰ ਰਹੇ ਹਨ।