ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਹੱਕ ‘ਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਬੀਜੇਪੀ ਲਈ ਪ੍ਰਚਾਰ ਕਰਨਗੇ। ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕੈਪਟਨ ਨੇ ਇਹ ਗੱਲ ਕਹਿ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਅਗਲੀਆਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਚੋਣਾਂ ਵਿੱਚ ਬੀਜੇਪੀ ਲਈ ਪ੍ਰਚਾਰ ਕਰਨਗੇ ਜਿੱਥੋਂ ਸਿੱਖ ਵਸੋਂ ਜਿਆਦਾ ਹੈ।ਉਹ ਇਹ ਵੀ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਲਈ ਪੰਜਾਬ ਚੋਣਾਂ ਵਿੱਚ ਚੋਣ ਪ੍ਰਚਾਰ ਕਰਨ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਕਾਂਗਰਸੀ ਤੇ ਹੋਰ ਸਿਆਸੀ ਆਗੂ ਕੈਪਟਨ ਅਮਰਿੰਦਰ ਸਿੰਘ ‘ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਪਹਿਲਾਂ ਹੀ ਭਾਜਪਾ ਨਾਲ ਮਿਲੇ ਹੋਏ ਸਨ। ਪਹਿਲਾਂ ਉਹ ਅੰਦਰ ਖਾਤੇ ਮੋਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਸੀ ਪਰ ਹੁਣ ਉਹ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕੈਪਟਨ ਬੇਸ਼ੱਕ ਬੀਜੇਪੀ ਨਾਲ ਗੱਠਜੋੜ ਕਰ ਲੈਣ ਪਰ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਣਗੇ।
ਜ਼ਿਕਰਯੋਗ ਹੈ ਕਿ ਕੈਪਟਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਜਦੋਂ ਖੇਤੀ ਕਾਨੂੰਨਾਂ ਦਾ ਮਸਲਾ ਨਿੱਬੜ ਗਿਆ ਤਾਂ ਉਸ ਮਗਰੋਂ ਉਹ ਪੰਜਾਬ ਵਿੱਚ ਬੀਜੇਪੀ ਨਾਲ ਗੱਠਜੋੜ ਕਰ ਸਕਦੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਇਕ ਨਵੀਂ ਪਾਰਟੀ ਬਣਾਈ ਹੈ ਜਿਸਦਾ ਨਾਂਅ ਪੰਜਾਬ ਲੋਕ ਕਾਂਗਰਸ ਰੱਖਿਆ ਗਿਆ ਹੈ। ਸੂਬੇ ‘ਚ ਜਲਦੀ ਹੀ ਵਿਧਾਨਸਭਾ ਚੋਣਾਂ ਹੋਣ ਵਾਲਿਆਂ ਹਨ ਜਿਸਦੇ ਚਲਦੇ ਸਿਆਸਤ ‘ਚ ਰੋਜ਼ ਨਵੇਂ ਮੋੜ ਆ ਰਹੇ ਹਨ ਤੇ ਇਹ ਚੋਣਾਂ ਕਾਫੀ ਦਿਲਚਸਪ ਹੋਣ ਵਾਲਿਆਂ ਹਨ।