ਦਿੱਲੀ ਦੇ ਕਲਾਵਤੀ ਸਰਨ ਹਸਪਤਾਲ ਤਿੰਨ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਮੌਤਾਂ ਡੈਕਸਟ੍ਰੋਮੈਥਾਰਫਨ ‘ਕੱਫ ਸੀਰਪ’ ਪੀਣ ਨਾਲ ਹੋਈਆ ਹਨ। ਇਹ ਘਟਨਾ ਦਿੱਲੀ ਸਰਕਾਰ ਦੁਆਰਾ ਚਲਾਏ ਜਾ ਰਹੇ ਮੁਹੱਲਾ ਕਲੀਨਿਕ ਦੀ ਹੈ ਜਿਥੇ ਕੱਫ ਸੀਰਪ (ਖੰਘ ਦੀ ਦਵਾਈ ) ਪੀਣ ਬਾਅਦ16 ਬੱਚਿਆਂ ਦੀ ਹਾਲਤ ਨਾਜ਼ੁਕ ਬਣ ਗਈ ਅਤੇ ਇਹਨਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ।
ਇਸ ਘਟਨਾ ‘ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤੁਹਾਡੀ ਸਰਕਾਰ ਦੀ ਲਾਪ੍ਰਵਾਹੀ ਕਾਰਨ ਮੁਹੱਲਾ ਕਲੀਨਿਕ ਵਿੱਚ 3 ਬੱਚਿਆਂ ਦੀ ਜਾਨ ਗੁਆਉਣ ਦੀ ਭਿਆਨਕ ਘਟਨਾ ਨੇ ਦਿੱਲੀ ਮਾਡਲ ਦੀ ਅਖੌਤੀ ਸਫਲਤਾ ਦਾ ਪਰਦਾਫਾਸ਼ ਕਰ ਦਿੱਤਾ ਹੈ। ਹੋਰਨਾਂ ਸੂਬਿਆਂ ਵਿਚ ਜਾ ਕੇ ਸਿਹਤ ਸਹੂਲਤਾਂ ਦਾ ਹਵਾਲਾ ਦੇਣ ਵਾਲੇ ਕੇਜਰੀਵਾਲ ਸਾਬ੍ਹ ਦੇ ਆਪਣੇ ਸੂਬੇ ਵਿਚ ਲਾਪ੍ਰਵਾਹੀ ਕਾਰਨ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਹਥਿਆਉਣ ਲਈ ਦੂਜੇ ਰਾਜਾਂ ਵਿੱਚ ਜਾਅਲੀ ਗਾਰੰਟੀ ਦੇ ਰਹੇ ਹੋ।











