September 14, 2026, 1:53 pm
----------- Advertisement -----------
HomeNewsLatest Newsਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੱਡੀ ‘ਤੇ ਹਮਲਾ ਵਿਵੇਕਹੀਣ ਕੌਮ ਦੀ ਭਿਆਨਕ ਤਰਾਸਦੀ:...

ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੱਡੀ ‘ਤੇ ਹਮਲਾ ਵਿਵੇਕਹੀਣ ਕੌਮ ਦੀ ਭਿਆਨਕ ਤਰਾਸਦੀ: ਕਰਨੈਲ ਸਿੰਘ ਪੀਰਮੁਹੰਮਦ, ਤਲਵਿੰਦਰ ਸਿੰਘ ਬੁੱਟਰ

Published on

----------- Advertisement -----------

ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਅਤੇ ਕਾਲਮਨਵੀਸ ਤਲਵਿੰਦਰ ਸਿੰਘ ਬੁੱਟਰ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ-ਮੋਹਾਲੀ ਹੱਦ ‘ਤੇ ਲੱਗੇ ਕੌਮੀ ਇਨਸਾਫ ਮੋਰਚੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਦੀ ਭੰਨ-ਤੋੜ ਦੀ ਕਾਰਵਾਈ ਨਿਹਾਇਤ ਮੰਦਭਾਗੀ ਹੈ। ਇਹ ਹਮਲਾ ਕਿਸੇ ਵਿਅਕਤੀ ਨਹੀਂ, ਸਗੋਂ ਕੌਮੀ ਸੰਸਥਾ ਦੇ ਸਰਮਾਏ ‘ਤੇ ਹਮਲਾ ਹੈ, ਕਿਉਂਕਿ ਇਸ ਦੌਰਾਨ ‘ਪੰਥਕ ਕਹਾਉਂਦੇ’ ਹੁੱਲੜਬਾਜ਼ਾਂ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਦਫਤਰੀ ਇਨੋਵਾ ਕਾਰ ਸਮੇਤ ਦੋ ਗੱਡੀਆਂ ਭੰਨ੍ਹੀਆਂ ਗਈਆਂ ਹਨ। ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਇਕ ਵਫਦ ਦੇ ਨਾਲ ਅੱਜ ਕੌਮੀ ਇਨਸਾਫ ਮੋਰਚੇ ਵਿਚ ਸ਼ਮੂਲੀਅਤ ਕਰਨ ਗਏ ਸਨ। ਇਸ ਦੌਰਾਨ ਜਦੋਂ ਉਹ ਵਾਪਸ ਪਰਤਣ ਲੱਗੇ ਤਾਂ ਕੁਝ ਹੁੱਲੜਬਾਜ਼ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ। ਇਹ ਦੁਖਦਾਈ ਅਤੇ ਪੰਥ ਨੂੰ ਖਾਨਾਜੰਗੀ ਵੱਲ ਧਕੇਲਣ ਵਾਲੀ ਮੰਦਭਾਗੀ ਕਾਰਵਾਈ ਹੈ। ਜੇਕਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪੰਥਕ ਗਤੀਵਿਧੀਆਂ ਵਿਚ ਸ਼ਾਮਲ ਨਾ ਹੋਵੇ ਤਾਂ ਵੀ ਉਸ ‘ਤੇ ਸਵਾਲ ਕੀਤੇ ਜਾਂਦੇ ਹਨ ਪਰ ਜੇਕਰ ਕੋਈ ਸ਼੍ਰੋਮਣੀ ਕਮੇਟੀ ਪ੍ਰਧਾਨ ਪੰਥ ਦਰਦ ਰੱਖਦਾ ਹੋਣ ਕਾਰਨ ਆਪਣੀਆਂ ਭਾਵਨਾਵਾਂ ਤੇ ਹਮਦਰਦੀ ਪ੍ਰਗਟਾਉਣ ਲਈ ਪੰਥਕ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਚਲਾ ਜਾਵੇ ਤਾਂ ਫਿਰ ਉਸ ਉੱਤੇ ਹਿੰਸਕ ਹਮਲਾ ਹੋਣਾ ਸਾਡੇ ਪੰਥ ਦੀ ਤਰਾਸਦੀ ਨੂੰ ਬਿਆਨਦਾ ਹੈ।
ਐਡਵੋਕੇਟ ਧਾਮੀ ਉੱਪਰ ਹਮਲਾ ਕਰਨ ਵਾਲੇ, ਤਕਰੀਬਨ 1990-95 ਤੋਂ ਬਾਅਦ ਜਨਮੇ ਨੌਜਵਾਨਾਂ ਨੂੰ, ਇਸ ਤੋਂ ਪਹਿਲਾਂ ਧਾਮੀ ਦੇ ਅੱਸੀਵਿਆਂ ਦੌਰਾਨ ਚੱਲੇ ਪੰਥਕ ਸੰਘਰਸ਼ ਵਿਚ ਯੋਗਦਾਨ ਬਾਰੇ ਵੀ ਜਾਣ ਲੈਣਾ ਚਾਹੀਦਾ ਸੀ। ਜਿਸ ਵੇਲੇ ਕਿਸੇ ਸਿੱਖ ਦਾ ਝੂਠਾ ਮੁਕਾਬਲਾ ਬਣਾਉਣ ਲੱਗਿਆਂ ਪੁਲਿਸ ਕੋਈ ਦਲੀਲ-ਅਪੀਲ ਨਹੀਂ ਸੁਣਦੀ ਸੀ, ਉਸ ਵੇਲੇ ਅਦਾਲਤੀ ਵਕਾਲਤ ਜ਼ਰੀਏ ਹਰਜਿੰਦਰ ਸਿੰਘ ਧਾਮੀ ਨੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਮੌਤ ਦੇ ਮੂੰਹੋਂ ਬਚਾਇਆ ਸੀ। ਇਸ ਤੋਂ ਇਲਾਵਾ ਜੇਲ੍ਹਾਂ ਵਿਚ ਨਜ਼ਰਬੰਦ ਬੇਅੰਤ ਸਿੱਖ ਨੌਜਵਾਨਾਂ ਦੇ ਕੇਸ ਵੀ ਨਿਸ਼ਕਾਮ ਤੌਰ ‘ਤੇ ਲੜੇ ਹਨ ਅਤੇ ਅੱਜ ਤੱਕ ਲੜ ਰਹੇ ਹਨ। ਸਿੱਖ ਸੰਘਰਸ਼ ਵਿਚ ਸ਼ਾਮਲ ਰਿਹਾ ਕੋਈ ਵੀ ਸਿੱਖ ਇਸ ਤੋਂ ਨਾਵਾਕਫ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਅਸੂਲਾਂ ਨੂੰ ਪਿੱਛੇ ਨਹੀਂ ਕੀਤਾ। ਉਨ੍ਹਾਂ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਪ੍ਰਧਾਨ ਵਜੋਂ ਮਿਲੀ ਗੱਡੀ ਵਿਚ ਤੇਲ ਵੀ ਪੱਲਿਓਂ ਪਵਾਉਂਦੇ ਹਨ। ਆਪਣੀ ਉਪਜੀਵਕਾ ਲਈ ਉਹ ਹਫਤੇ ਵਿਚ ਦੋ ਦਿਨ ਕਚਹਿਰੀ ਵਿਚ ਵਕਾਲਤ ਕਰਦੇ ਹਨ।
ਮੋਹਾਲੀ-ਚੰਡੀਗੜ੍ਹ ਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵਿਚ ਕੁਝ ਦਿਨ ਪਹਿਲਾਂ ਭਾਈ ਬਲਜੀਤ ਸਿੰਘ ਦਾਦੂਵਾਲ ਨਾਲ ਵੀ ਬਦਸਲੂਕੀ ਹੋਈ ਸੀ। ਇਸ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ‘ਤੇ ਹੋਏ ਹਮਲੇ ਅਤੇ ਉਸ ਦੀ ਗੱਡੀ ‘ਤੇ ਪਿਛਲੇ ਪਾਸਿਓਂ ਕੀਤੇ ਹਮਲੇ ਦੀ ਘਟਨਾ ਵਾਪਰ ਗਈ। ਐਡਵੋਕੇਟ ਧਾਮੀ ‘ਤੇ ਹਿੰਸਕ ਹਮਲਾ ਨੈਤਿਕ ਤੌਰ ‘ਤੇ ਵੀ ਮੋਰਚੇ ਦੇ ਪ੍ਰਬੰਧਕਾਂ ਲਈ ਸ਼ਰਮਨਾਕ ਹੈ, ਕਿਉਂਕਿ ਕੁਝ ਦਿਨ ਪਹਿਲਾਂ ਮੋਰਚੇ ਦੇ ਪ੍ਰਬੰਧਕ ਹੀ ਧਾਮੀ ਨੂੰ ਇਸ ਮੋਰਚੇ ਵਿਚ ਸ਼ਮੂਲੀਅਤ ਦਾ ਸੱਦਾ ਦੇ ਕੇ ਆਏ ਸਨ। ਐਡਵੋਕੇਟ ਧਾਮੀ ਪੰਥ ਦਰਦੀ ਹੋਣ ਨਾਤੇ ਨਿਸ਼ੰਗ ਹੋ ਕੇ ਇਸ ਮੋਰਚੇ ਵਿਚ, ਬਗ਼ੈਰ ਕਿਸੇ ਉਚੇਚੀ ਸੁਰੱਖਿਆ ਤੋਂ ਗਏ ਸਨ। ਇਸ ਤਰ੍ਹਾਂ ਮੋਰਚੇ ਵਿਚ ਵਾਪਰੀ ਮੰਦਭਾਗੀ ਘਟਨਾ ਵਿਸ਼ਵਾਸ ਤੇ ਭਰੋਸੇ ਦੀ ਭਾਵਨਾ ਨੂੰ ਸੱਟ ਮਾਰਨ ਵਾਲੀ ਹੈ। ਅਕਸਰ ਸ਼੍ਰੋਮਣੀ ਕਮੇਟੀ ‘ਤੇ ਗੋਲਕਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਉਣ ਵਾਲੇ ਕੀ ਇਸ ਗੱਲ ਦਾ ਜਵਾਬ ਦੇਣਗੇ ਕਿ ਅੱਜ ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਵਿਰੋਧ ਦੌਰਾਨ ਉਸ ਦੀ ਦਫਤਰੀ ਗੱਡੀ ਭੰਨੀ ਗਈ ਹੈ, ਕੀ ਉਹ ਗੁਰੂ ਘਰ ਦੇ ਸਰਮਾਏ ਦਾ ਨੁਕਸਾਨ ਨਹੀਂ ਹੈ? ਇਹ ਗੱਡੀ ਤਾਂ ਬਾਦਲਾਂ ਦੀ ਜਾਂ ਧਾਮੀ ਦੀ ਨਿੱਜੀ ਜਾਇਦਾਦ ਨਹੀਂ ਸੀ। ਕੀ ਪੰਥਕ ਸਰਮਾਏ ਦਾ ਨੁਕਸਾਨ ਕਰਨ ਵਾਲੇ ਲੋਕ ਪੰਥਕ ਕਹਾਉਣ ਦੇ ਹੱਕਦਾਰ ਹੋ ਸਕਦੇ ਹਨ? ਨਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੱਡੀ ਉੱਤੇ ਪਿਛਿਓਂ ਹਮਲਾ ਕਰਨ ਵਾਲੇ ਕਿੰਨੇ ਕੁ ਬਹਾਦਰ ਹਨ? ਇਹ ਕਾਇਰਤਾਪੂਰਨ ਕਾਰਵਾਈ ਹੈ ਅਤੇ ਅਜਿਹਾ ਕਰਨ ਵਾਲੇ ਲੋਕ ਸਿੱਖ ਕਤਈ ਨਹੀਂ ਹੋ ਸਕਦੇ।
ਅੱਜ ਦੀ ਘਟਨਾ ਤੋਂ ਇਹ ਸਬਕ ਲੈਣ ਦੀ ਨਿਹਾਇਤ ਲੋੜ ਹੈ ਕਿ ਗੁਰਬਾਣੀ ਦੇ ਅਭਿਆਸ ਜ਼ਰੀਏ ਆਪਣੀ ਸੁਰਤ ਨੂੰ ਨਾਮ ਦੇ ਰੰਗ ਵਿਚ ਰੰਗਣ ਅਤੇ ਸਿੱਖੀ ਦੇ ਨੈਤਿਕ ਤੇ ਵਿਵੇਕ ਬੁੱਧੀ ਵਾਲੇ ਉੱਚੇ-ਸੁੱਚੇ ਕਿਰਦਾਰ ਦੀ ਸਿਰਜਣਾ ਤੋਂ ਬਗੈਰ ਸਭ ਤਰ੍ਹਾਂ ਦੀਆਂ ਗਰਮ ਤਕਰੀਰਾਂ ਤੇ ਬਿਆਨੀਆਂ ਕੌਮ ਦਾ ਕੁਝ ਨਹੀਂ ਸਵਾਰ ਸਕਣਗੀਆਂ, ਸਿਵਾਇ ਸਿੱਖ ਨੌਜਵਾਨਾਂ ਨੂੰ ਨਿਰਦਈ, ਮੁਤੱਸਬੀ ਅਤੇ ਕੁਰੱਖਤ ਬਣਾਉਣ ਤੋਂ।
ਤੁਹਾਡੇ-ਸਾਡੇ ਕਿਸੇ ਵੀ ਪੰਥਕ ਸ਼ਖ਼ਸੀਅਤ ਦੇ ਨਾਲ ਵਿਚਾਰਕ ਤੇ ਸਿਧਾਂਤਕ ਮਤਭੇਦ ਹੋ ਸਕਦੇ ਹਨ ਪਰ ਜਦੋਂ ਕਿਸੇ ਕੌਮੀ ਮਸਲੇ ‘ਤੇ ਸੰਘਰਸ਼ ਕਾਮਯਾਬੀ ਵੱਲ ਲਿਜਾਣਾ ਹੋਵੇ ਤਾਂ ਉਸ ਵਿਚ ਸਮੁੱਚੇ ਪੰਥ ਦੀ ਹਮਾਇਤ ਮਿਲਣੀ ਲੋੜੀਂਦੀ ਹੁੰਦੀ ਹੈ। ਉੱਥੇ ਸਾਰੇ ਵਿਚਾਰਾਂ ਵਾਲੇ ਸਿੱਖਾਂ ਦਾ ਸਾਥ ਜ਼ਰੂਰੀ ਹੁੰਦਾ ਹੈ। ਪਰ ਜਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਸਿੱਖ ਜਥੇਬੰਦੀਆਂ, ਖਾਸ ਕਰਕੇ ਸਿੱਖ ਨੌਜਵਾਨ ਤਬਕੇ ਅੰਦਰ ਅਨੁਸ਼ਾਸਨਹੀਣਤਾ ਤੇ ਆਪ-ਹੁਦਰਾਪਨ ਵੱਧਦਾ ਜਾ ਰਿਹਾ ਹੈ ਉਹ ਪੰਥ ਨੂੰ ਸਦੀਆਂ ਤੱਕ ਵੀ ਕਿਸੇ ਮੰਜ਼ਿਲ ਤੱਕ ਨਹੀਂ ਪਹੁੰਚਣ ਦੇਵੇਗਾ। ਵੱਡੀ ਗਿਣਤੀ ਸਿੱਖ ਨੌਜਵਾਨ ਤਬਕੇ ਅੰਦਰ ਰੂਹਾਨੀਅਤ ਦੇ ਅਹਿਸਾਸਾਂ ਤੋਂ ਅਣਭਿੱਜੇ ਹੋਣਾ ਅਤੇ ਵਿਵੇਕ ਬੁੱਧੀ ਦੀ ਵੱਡੀ ਕਮਜ਼ੋਰੀ ਸਾਹਮਣੇ ਆ ਰਹੀ ਹੈ। ਕਿਸੇ ਕੌਮੀ ਸੰਘਰਸ਼ ਵਿਚ ਸ਼ਮੂਲੀਅਤ ਲਈ ਸੋਲਾਂ ਕਲਾਂ ਸੰਪੂਰਨ ਹੋਣ ਦੀਆਂ ਬੰਦਿਸ਼ਾਂ ਲਾਉਣਾ ਅਪਵਾਦ ਹੈ। ਜਨਤਕ ਜੀਵਨ ਜਿਊਣ ਵਾਲੀ ਕੋਈ ਵੀ ਸਿੱਖ ਸ਼ਖ਼ਸੀਅਤ ਸੋਲਾਂ ਕਲਾਂ ਸੰਪੂਰਨ ਨਹੀਂ ਹੋ ਸਕਦੀ। ਜੀਵਨ ਵਿਚ, ਸਿਆਸੀ ਖੇਤਰ ਵਿਚ ਵਿਚਰਦਿਆਂ ਘਾਟਾਂ-ਕਮਜ਼ੋਰੀਆਂ ਅਤੇ ਗਲਤੀਆਂ ਹੋਣੀਆਂ ਅਪਵਾਦ ਨਹੀਂ ਹੈ।
ਕੌਮੀ ਇਨਸਾਫ ਮੋਰਚੇ ਵਿਚ ਅੱਜ ਦੀ ਵਾਪਰੀ ਘਟਨਾ ਤੋਂ ਬਾਅਦ ਕਿਹੜਾ ਪੰਥਕ, ਸਿਆਸੀ ਜਾਂ ਧਾਰਮਿਕ ਆਗੂ ਉੱਥੇ ਜਾਣ ਬਾਰੇ ਸੋਚੇਗਾ? ਪੰਥ ਦੀ ਸਮੂਹਿਕ ਸ਼ਮੂਲੀਅਤ ਅਤੇ ਸਮੁੱਚੇ ਪੰਥ ਦੀ ਹਮਾਇਤ ਤੋਂ ਬਗੈਰ ਕੋਈ ਪੰਥਕ ਸੰਘਰਸ਼ ਦੀ ਕਾਮਯਾਬੀ ਬਾਰੇ ਸੋਚਣਾ ਵੀ ਸੰਭਵ ਨਹੀਂ ਹੋ ਸਕਦਾ। ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਉਪਰੋਕਤ ਘਟਨਾ ਸਬੰਧੀ ਆਪਣੀ ਸਥਿਤੀ ਤੁਰੰਤ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਇਸ ਮੋਰਚੇ ਦੀ ਸੰਜੀਦਗੀ ਤੇ ਸੁਹਿਰਦਤਾ ਨੂੰ ਬਰਕਰਾਰ ਰੱਖਣ ਲਈ ਮੋਰਚੇ ਵਾਲੀ ਜਗ੍ਹਾ ‘ਤੇ ਅਨੁਸ਼ਾਸਨ ਕਾਇਮ ਕਰਨ ਲਈ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਨੇਡਾ ‘ਚ ਫਿਰੌਤੀ ਦੇ ਮਾਮਲੇ ‘ਚ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਪਹਿਲੀ ਵਾਰ, ਜਬਰੀ ਵਸੂਲੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਪੰਜਾਬੀ ਮੂਲ...

ਮਾਨਸਾ ਦੇ ਬਰੇਟਾ ’ਚ PRTC ਬੱਸ ਅਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਜ਼ਖ਼ਮੀ

ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਅੱਜ ਇੱਕ PRTC ਬੱਸ ਅਤੇ ਸਕੂਲ ਵੈਨ ਵਿਚਕਾਰ...

ਤਰਨ ਤਾਰਨ ‘ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਮੁਖੀ ਗ੍ਰਿਫਤਾਰ, 2 SHO ਸਣੇ 4 ਖਿਲਾਫ ਮੁਕੱਦਮਾ ਦਰਜ

ਤਰਨਤਾਰਨ ਵਿਖੇ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। 2 SHO ਸਣੇ 4 ਖਿਲਾਫ...

  ਦਿਲਜੀਤ ਦੋਸਾਂਝ ਦੀਆਂ ਬੁਲੰਦੀਆਂ, Wembley Stadium ‘ਚ ਪਰਫਾਰਮ ਕਰਕੇ ਰਚਿਆ ਇਤਿਹਾਸ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਵਾਰ ਫਿਰ ਤੋਂ ਕਾਮਯਾਬੀ ਦੇ ਝੰਡੇ ਗੱਡੇ ਹਨ।...

ਟੀ-20 ਕ੍ਰਿਕਟ ਲੀਗ ਨੇ ਪੰਜਾਬ ਦੇ ਉੱਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਪ੍ਰਦਾਨ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 13 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਮੋਹਾਲੀ ਦੇ ਆਈ.ਐੱਸ. ਬਿੰਦਰਾ...

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...