ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋ ਚੰਡੀਗੜ੍ਹ ਦੇ 8 ਖਿਡਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਓਲੰਪਿਕ ਅਤੇ ਵਿਸ਼ਵ ਪੱਧਰ ਮੁਕਾਬਲਿਆਂ ਵਿਚ ਜੇਤੂ ਰਹਿ ਚੁਕੇ 8 ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਹੈ। ਇਹਨਾਂ ਵਿਚ ਟੋਕੀਓ ਓਲੰਪਿਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਸਮੇਤ ਹੋਰ ਵੀ ਕਈ ਖਿਡਾਰੀ ਸ਼ਾਮਲ ਹਨ।
ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 42 ਦੇ ਸਪੋਰਟਸ ਕੰਪਲੈਕਸ ਵਿੱਚ 8 ਖਿਡਾਰੀਆਂ ਦੇ ਪੋਰਟਰੇਟ ਲਗਾਏ ਗਏ ਹਨ। ਇਨ੍ਹਾਂ ਪੋਰਟਰੇਟ ਦਾ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕੀਤਾ। ਸ਼ਹਿਰ ਵਿੱਚ ਜਿਨ੍ਹਾਂ ਖਿਡਾਰੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਉਨ੍ਹਾਂ ਵਿੱਚ ਹਾਕੀ ਦੇ ਮਹਾਨ ਖਿਡਾਰੀ ਸ. ਬਲਬੀਰ ਸਿੰਘ ਵੀ ਸ਼ਾਮਲ ਹਨ। ਇੱਥੇ ਕੁੱਲ 8 ਖਿਡਾਰੀਆਂ ਦੇ ਪੋਰਟਰੇਟ ਲਗਾਏ ਗਏ ਹਨ। ਇਹ ਤਸਵੀਰਾਂ ਸਪੋਰਟਸ ਕੰਪਲੈਕਸ ਦੇ ਪ੍ਰਵੇਸ਼ ‘ਤੇ ਰਿਸੈਪਸ਼ਨ ‘ਤੇ ਲਗਾਈਆਂ ਗਈਆਂ ਹਨ।
ਸਲਾਹਕਾਰ ਧਰਮਪਾਲ ਨੇ ਉਦਘਾਟਨ ਮੌਕੇ ਚੰਡੀਗੜ੍ਹ ਹਾਕੀ ਟੀਮ ਦੇ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਇੱਥੇ ਬਣੇ ਨਵੇਂ ਜਿੰਮ ਦਾ ਵੀ ਉਦਘਾਟਨ ਕੀਤਾ ਗਿਆ। ਉਨ੍ਹਾਂ ਖੇਡ ਨਿਰਦੇਸ਼ਕ ਤੇਜਦੀਪ ਸਿੰਘ ਸੈਣੀ ਅਤੇ ਹੋਰ ਅਧਿਕਾਰੀਆਂ ਨਾਲ ਕੰਪਲੈਕਸ ਦਾ ਨਿਰੀਖਣ ਵੀ ਕੀਤਾ।
ਜ਼ਿਕਰਯੋਗ ਹੈ ਕਿ ਸਵ.ਬਲਬੀਰ ਸਿੰਘ ਨੇ 1948, 1952 ਅਤੇ 1956 ਵਿੱਚ ਹਾਕੀ ਵਿੱਚ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਹਾਕੀ ਖਿਡਾਰੀ ਗੁਰਜੰਟ ਸਿੰਘ, ਮੁੱਕੇਬਾਜ਼ੀ ‘ਚ ਦਰੋਣਾਚਾਰੀਆ ਐਵਾਰਡ ਹਾਸਲ ਕਰਨ ਵਾਲੇ ਸ਼ਿਵ ਸਿੰਘ, ਟੋਕੀਓ ਓਲੰਪਿਕ ‘ਚ ਸ਼ੂਟਿੰਗ ‘ਚ ਹਿੱਸਾ ਲੈਣ ਵਾਲੀ ਅੰਜੁਮ ਮੌਦਗਿਲ,ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2019 ਜੇਤੂ ਨੰਦਨੀ , ਟੋਕੀਓ ਓਲੰਪਿਕ ‘ਚ ਹਾਕੀ ‘ਚ ਕਾਂਸੀ ਦਾ ਤਗਮਾ ਲਿਆਉਣ ਵਾਲੇ ਰੁਪਿੰਦਰ ਪਾਲ ਸਿੰਘ, ਹਾਕੀ ‘ਚ ਹਿੱਸਾ ਲੈਣ ਵਾਲੀਆਂ ਟੋਕੀਓ ਓਲੰਪਿਕ ਖਿਡਾਰਨਾਂ ਰੀਨਾ ਖੋਖਰ ਅਤੇ ਮੋਨਿਕਾ ਮਲਿਕ ਸ਼ਾਮਲ ਹਨ।