ਚੰਡੀਗਡ਼੍ਹ, 22 ਮਈ : – ਕਾਂਗਰਸ ਪਾਰਟੀ ਨੇ ਇਕ ਅਨੁਸੂਚਿਤ ਜਾਤੀ ਦੇ ਸਰਪੰਚ ਨਾਲ ਮਾਰਕੁੱਟ ਦੇ ਮਾਮਲੇ ਚ ਕਾਰਵਾਈ ਦੀ ਮੰਗ ਕਰਦਿਆਂ, ਪੁਲੀਸ ਨੂੰ ਮੰਗ ਪੱਤਰ ਦੇਣ ਵਾਲੇ ਕੌਂਸਲਰਾਂ, ਪੰਚਾਂ ਅਤੇ ਸਰਪੰਚਾਂ ਸਣੇ ਕਈ ਕਾਂਗਰਸੀ ਵਰਕਰਾਂ ਤੇ ਮੁਕਤਸਰ ਪੁਲਸ ਵੱਲੋਂ ਕੇਸ ਦਰਜ ਕੀਤੇ ਜਾਣ ਤੇ ਅਜਿਹੇ ਅਫ਼ਸਰਾਂ ਨੂੰ ਸਿੱਧੇ ਤੌਰ ਤੇ ਚਿਤਾਵਨੀ ਦਿੱਤੀ ਹੈ, ਜਿਹੜੇ ਹੱਦ ਤੋਂ ਵੱਧ ਚਾਪਲੂਸੀ ਕਰਦਿਆਂ ਪੱਖਪਾਤ ਪੂਰਨ ਕਾਰਵਾਈ ਕਰ ਰਹੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਸਐਸਪੀ ਨੂੰ ਇਕ ਸਪੱਸ਼ਟ ਅਤੇ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਹੱਦੋਂ ਵੱਧ ਚਾਪਲੂਸੀ ਕਰਨ ਦੀ ਕੋਸ਼ਿਸ਼ ਨਾ ਕਰਨ, ਜਿਨ੍ਹਾਂ ਨੇ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਪੁਲੀਸ ਨੂੰ ਮੰਗ ਪੱਤਰ ਸੌਂਪਣ ਵਾਲੇ ਕਾਂਗਰਸੀ ਵਰਕਰਾਂ ਨਾਲ ਧੱਕਾ ਕਰਦਿਆਂ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ।
ਵੜਿੰਗ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਈ ਕਾਂਗਰਸੀ ਵਰਕਰ ਇਕ ਐਸਸੀ ਸਰਪੰਚ ਨਾਲ ਮਾਰਕੁੱਟ ਦੇ ਮਾਮਲੇ ਚ ਕੇਸ ਦਰਜ ਕੀਤੇ ਜਾਣ ਦੀ ਮੰਗ ਕਰਦਿਆਂ ਗਿੱਦੜਬਾਹਾ ਪੁਲਸ ਥਾਣੇ ਪਹੁੰਚੇ ਸਨ। ਜਿਸ ਸੰਬੰਧ ਚ ਪੁਲਸ ਨੇ ਸੰਬੰਧਤ ਧਾਰਾਵਾਂ ਹੇਠ ਕੇਸ ਦਰਜ ਨਹੀਂ ਕੀਤਾ ਸੀ। ਇਸ ਦੌਰਾਨ ਉਹ ਸ਼ਾਂਤ ਸਨ ਅਤੇ ਉਨ੍ਹਾਂ ਨੇ ਸੰਬੰਧਤ ਡੀਐੱਸਪੀ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ। ਪਰ ਹੈਰਾਨੀਜਨਕ ਹੈ ਕਿ ਮੁਕਤਸਰ ਪੁਲਿਸ ਨੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਦੀ ਨੀਅਤ ਨਾਲ ਪੁਲਸ ਨੂੰ ਮੰਗ ਪੱਤਰ ਦੇਣ ਆਏ ਸਾਰੇ ਲੋਕਾਂ ਤੇ ਕੇਸ ਦਰਜ ਕਰ ਦਿੱਤਾ। ਜਿਸ ਤੇ ਵੜਿੰਗ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਹਲਕੇ ਚ ਨਹੀਂ ਲਿਆ ਜਾਵੇਗਾ।
ਉਨ੍ਹਾਂ ਨੇ ਤੁਰੰਤ ਕੇਸ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਪੱਖਪਾਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਰ ਇਕ ਅਫ਼ਸਰ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਕਾਨੂੰਨ ਦੇ ਲੰਬੇ ਹੱਥ ਉਨ੍ਹਾਂ ਨੂੰ ਫੜ ਲੈਣਗੇ ਅਤੇ ਅਸੀਂ ਪੁਖ਼ਤਾ ਕਰਾਂਗੇ ਕਿ ਤੁਸੀਂ ਕਾਰਵਾਈ ਦਾ ਸਾਹਮਣਾ ਕਰੋ। ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਨੂੰ ਇਹ ਪੁਖਤਾ ਕਰਨ ਲਈ ਕਿਹਾ ਹੈ ਕਿ ਪੁਲੀਸ ਵੱਲੋਂ ਸਿਆਸੀ ਦੁਸ਼ਮਣੀ ਤਹਿਤ ਕਾਰਵਾਈ ਕਰਨਾ ਬੰਦ ਹੋਵੇ। ਨਹੀਂ ਤਾਂ, ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਕਾਂਗਰਸ ਪਾਰਟੀ ਆਪਣੇ ਵਰਕਰਾਂ ਨਾਲ ਧੱਕਾ ਬਰਦਾਸ਼ਤ ਨਹੀਂ ਕਰੇਗੀ।
----------- Advertisement -----------
ਪੱਖਪਾਤ ਕਰਨ ਵੱਲ ਅਫ਼ਸਰਾਂ ਨੂੰ ਕਾਂਗਰਸ ਦੀ ਚਿਤਾਵਨੀ; ਹੱਦ ਤੋਂ ਵੱਧ ਚਾਪਲੂਸੀ ਨਾ ਕਰਨ
Published on
----------- Advertisement -----------
----------- Advertisement -----------












