ਅੰਮ੍ਰਿਤਸਰ : – ਇੰਡੀਗੋ ਏਅਰਲਾਈਨਜ਼ 1 ਦਸੰਬਰ ਤੋਂ ਅੰਮ੍ਰਿਤਸਰ-ਅਹਿਮਦਾਬਾਦ ਦਰਮਿਆਨ ਨਵੀਂ ਉਡਾਣ ਸ਼ੁਰੂ ਕਰ ਰਹੀ ਹੈ। ਇੰਡੀਗੋ ਏਅਰਲਾਈਨਜ਼ ਨੇ ਦੋਨਾਂ ਸ਼ਹਿਰਾਂ ਵਿਚਾਲੇ ਹਫ਼ਤੇ ਵਿੱਚ 3 ਦਿਨ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇੰਡੀਗੋ ਏਅਰਲਾਈਨਜ਼ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਸਪਾਈਸ ਜੈੱਟ ਨੇ ਦੋਵਾਂ ਸ਼ਹਿਰਾਂ ਵਿਚਾਲੇ ਉਡਾਣਾਂ ਬੰਦ ਕਰ ਦਿੱਤੀਆਂ ਹਨ।
ਇੰਡੀਗੋ ਦੀ ਵੈੱਬਸਾਈਟ ਮੁਤਾਬਕ ਇਹ ਫਲਾਈਟ 1 ਦਸੰਬਰ ਤੋਂ ਹਫ਼ਤੇ ਵਿਚ 3 ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਉਡਾਣ ਭਰੇਗੀ।
ਇੰਡੀਗੋ ਦੀ ਉਡਾਣ ਸ਼ੁਰੂ ਹੋਣ ਨਾਲ ਜਿੱਥੇ ਪੰਜਾਬ ਅਤੇ ਗੁਜਰਾਤ ਦੇ ਵਪਾਰੀਆਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਗੁਜਰਾਤ ਤੋਂ ਸ਼੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਕਾਫੀ ਫਾਇਦਾ ਹੋਵੇਗਾ। ਬਹੁਤ ਸਾਰੇ ਲੋਕ ਸਵੇਰੇ-ਸਵੇਰੇ ਆਉਂਦੇ ਹਨ ਅਤੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਸੇ ਦਿਨ ਵਾਪਸ ਪਰਤਣਾ ਚਾਹੁੰਦੇ ਹਨ। ਪਹਿਲਾ, ਇਹ ਉਡਾਣ ਰੋਜ਼ਾਨਾ ਹੋਣੀ ਚਾਹੀਦੀ ਹੈ ਅਤੇ ਦੂਜਾ, ਇਸਦਾ ਸਮਾਂ ਅਜਿਹਾ ਹੋਣਾ ਚਾਹੀਦਾ ਹੈ ਕਿ ਸੈਲਾਨੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਨੇ ਦੱਸਿਆ ਕਿ ਇੰਡੀਗੋ ਦੀ ਉਡਾਣ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਮ 7:25 ਵਜੇ ਉਡਾਣ ਭਰੇਗੀ ਅਤੇ 9:35 ਵਜੇ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਰੇਗੀ। ਇਸੇ ਤਰ੍ਹਾਂ ਅਹਿਮਦਾਬਾਦ ਤੋਂ ਇਹ ਉਡਾਣ ਸ਼ਾਮ 4.50 ਵਜੇ ਉਡਾਣ ਭਰੇਗੀ ਅਤੇ ਸ਼ਾਮ 6.55 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ।












