ਚੰਡੀਗੜ, 19 ਅਗਸਤ : – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉੱਘੇ ਖੇਤੀ ਮਾਹਿਰ ਡਾਕਟਰ ਸਤਬੀਰ ਸਿੰਘ ਗੋਸਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦਾ ਵਾਈਸ ਚਾਂਸਲਰ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦੇ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਡਾ. ਗੋਸਲ 2015 ਤੋਂ 2021 ਤੱਕ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਰਹੇ। ਉੱਘੇ ਬਾਇਓ-ਟੈਕਨਾਲੋਜਿਸਟ ਡਾ. ਗੋਸਲ? ਸਕੂਲ ਆਫ ਐਗਰੀਕਲਚਰਲ ਬਾਇਓ-ਟੈਕਨਾਲੋਜੀ, ਪੀ.ਏ.ਯੂ., ਲੁਧਿਆਣਾ ਦੇ ਬਾਨੀ ਡਾਇਰੈਕਟਰ ਹਨ। ਪ੍ਰਸਿੱਧ ਖੇਤੀ ਵਿਗਿਆਨੀ ਡਾ. ਗੋਸਲ ਨੇ ਕਈ ਕਿਤਾਬਾਂ ਵੀ ਲਿਖੀਆਂ ਅਤੇ ਵੱਖ-ਵੱਖ ਪੁਰਸਕਾਰ ਅਤੇ ਸਨਮਾਨ ਹਾਸਲ ਕੀਤੇ ਹਨ। ਉਨ੍ਹਾਂ ਨੂੰ 20 ਤੋਂ ਵੱਧ ਫਸਲੀ ਪੌਦਿਆਂ ਲਈ ਟਿਸ਼ੂ ਕਲਚਰ ਵਿਧੀਆਂ ਵਿਕਸਿਤ ਕਰਨ ਦਾ ਫ਼ਖ਼ਰ ਵੀ ਹਾਸਲ ਹੈ, ਜਿਸ ਦੇ ਆਧਾਰ ‘ਤੇ ਪੰਜਾਬ ਵਿੱਚ ਕਈ ਵਪਾਰਕ ਟਿਸ਼ੂ ਕਲਚਰ ਯੂਨਿਟ ਸਥਾਪਿਤ ਕੀਤੇ ਗਏ ਹਨ।