ਕੈਲੀਫੋਰਨੀਆ ਤੋਂ ਪਰਤੇ ਡਾ ਸਵੈਮਾਨ ਵੱਲੋਂ ਬੁੱਧਵਾਰ ਨੂੰ ਸੰਯੁਕਤ ਸਮਾਜ ਮੋਰਚੇ ਤੇ ਮੋਹਾਲੀ ਤੋਂ ਉਮੀਦਵਾਰ ਰਵਨੀਤ ਬਰਾੜ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਡਾ ਸਵੈਮਾਨ ਦੇ ਆਉਣ ਨਾਲ ਰਵਨੀਤ ਬਰਾੜ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ। ਕਿਸਾਨ ਅੰਦੋਲਨ ਦੌਰਾਨ ਬੇਹੱਦ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ ਸਵੈਮਾਨ ਨੇ ਮੋਹਾਲੀ ਦੇ ਫੇਸ 11 ਤੋਂ ਫੇਜ਼ 1 ਤਕ ਅਤੇ ਹਲਕੇ ਦੇ ਪਿੰਡਾਂ ਸੋਹਾਣਾ, ਸਨੇਟਾ, ਗੀਗੇਮਾਜਰਾ, ਮਨੌਲੀ, ਧੀਰਪੁਰ ਵਿੱਚ ਰਵਨੀਤ ਬਰਾੜ ਲਈ ਚੋਣ ਪ੍ਰਚਾਰ ਕੀਤਾ।

ਇਸ ਮੌਕੇ ਉਨ੍ਹਾਂ ਨੇ ਇਕ ਪਾਸੇ ਜਿਥੇ ਸ਼ਹਿਰ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ ਉੱਥੇ ਨਾਲ ਹੀ ਬੁੱਧੀਜੀਵੀ ਵਰਗ ਨਾਲ ਵੀ ਮੁਲਾਕਾਤ ਕੀਤੀ। ਚੋਣ ਪ੍ਰਚਾਰ ਦੌਰਾਨ ਸੰਯੁਕਤ ਸਮਾਜ ਮੋਰਚਾ ਦੇ ਏਜੰਡੇ ਦੀ ਪ੍ਰੋੜਤਾ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮੋਰਚਾ ਪੰਜਾਬ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਜਦਕਿ ਬਾਕੀ ਪਾਰਟੀਆਂ ਕੇਵਲ ਆਪਣੇ ਹਿੱਤ ਸਾਧਣ ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਨੂੰ ਪੰਜਾਬ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਦੀ ਚੋਣਾਂ ਵਿਚ ਜੋ ਵੀ ਡਿਊਟੀ ਲਗਾਉਣਗੀਆਂ ਉਹ ਤਿਆਰ ਹਨ।












