3 ਅਕਤੂਬਰ ਨੂੰ ਯੂ.ਪੀ ਦੇ ਲਖੀਮਪੁਰ ਖੀਰੀ ਦੇ ਤਿਕੂਨੀਆ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਇੱਕ ਐਸ.ਯੂ.ਵੀ ਕਾਰ ਨਾਲ ਕੁਚਲਣ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਐਸ.ਆਈ.ਟੀ ਨੇ ਆਪਣੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਦੀ ਪੂਰੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਦਸ ਦਈਏ ਕਿ ਇਹ ਕਾਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਸੀ। ਟੈਨੀ ਦਾ ਬੇਟਾ ਆਸ਼ੀਸ਼ ਮਿਸ਼ਰਾ ਵੀ ਕਾਰ ਵਿੱਚ ਸਵਾਰ ਸੀ।
ਐਸਆਈਟੀ ਨੇ ਹੁਣ ਦੋਸ਼ੀਆਂ ‘ਤੇ ਲਗਾਈਆਂ ਧਾਰਾਵਾਂ ਨੂੰ ਵੀ ਬਦਲ ਦਿੱਤਾ ਹੈ। ਐਸਆਈਟੀ ਨੇ ਆਈਪੀਸੀ ਦੀਆਂ ਧਾਰਾਵਾਂ 279, 338, 304 ਏ ਹਟਾ ਦਿੱਤੀਆਂ ਹਨ ਤੇ 307, 326, 302, 34,120 ਬੀ, 147, 148,149, 3/25/30 ਲਾਈਆਂ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਣੇ 14 ਲੋਕਾਂ ਉਪਰ ਹੁਣ ਗੈਰ ਇਰਾਦਾ ਕਤਲ ਕੇਸ ਦੀ ਬਜਾਏ ਹੱਤਿਆ ਦਾ ਕੇਸ ਚੱਲੇਗਾ। ਅੱਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤੀ ਜਾਏਗਾ।
ਦਸ ਦਈਏ ਕਿ 3 ਅਕਤੂਬਰ ਨੂੰ ਕੁੱਝ ਕਿਸਾਨ ਬੀ.ਜੇ.ਪੀ ਦੇ ਇੱਕ ਸਮਾਗਮ ਦਾ ਵਿਰੋਧ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ। ਪ੍ਰੋਗਰਾਮ ‘ਚ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਮੌਜੂਦ ਸਨ।