ਵਿਧਾਨ ਸਭਾ ਰਿਜ਼ਰਵ ਹਲਕਾ ਨਾਭਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ’ਚ ਸ਼ਾਮਿਲ ਹੋਣ ਨਾਲ ਹਲਕੇ ਦੇ ਸਮੀਕਰਨ ਬਦਲ ਗਏ ਹਨ। ਆਗਾਮੀ ਵਿਧਾਨ ਸਭਾ ਚੋਣਾਂ ’ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਦੱਸਣਯੋਗ ਹੈ ਕਿ ਮੱਖਣ ਸਿੰਘ ਲਾਲਕਾ ਪਿਛਲੇ 10 ਸਾਲ ਤੋਂ ਹਲਕੇ ਅੰਦਰ ਕੰਮ ਕਰ ਰਹੇ ਸਨ ਪਰ 2012 ਅਤੇ 2017 ਦੀਆਂ ਚੋਣਾਂ ਵਿੱਚ ਪਾਰਟੀ ਵੱਲੋਂ ਲਾਲਕਾ ਦੀ ਟਿਕਟ ਕੱਟ ਦਿੱਤੀ ਗਈ। ਹੁਣ 2022 ਦੀਆਂ ਚੋਣਾਂ ਲਈ ਕਬੀਰ ਦਾਸ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇਣ ਤੋਂ ਖਫ਼ਾ ਮੱਖਣ ਸਿੰਘ ਲਾਲਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਏ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਲਕਾ ਨਾਭਾ ਤੋਂ ਮੋਜੂਦਾ ਵਿਧਾਇਕ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕਾਰਗੁਜ਼ਾਰੀ ਤੋਂ ਹਲਕੇ ਦੇ ਲੋਕ ਸੰਤੁਸ਼ਟ ਨਹੀਂ ਹਨ। ਇਸ ਕਾਰਨ ਲੋਕ ਇਸ ਹਲਕੇ ਤੋਂ ਕਿਸੇ ਹੋਰ ਕਾਂਗਰਸੀ ਆਗੂ ਨੂੰ ਉਮੀਦਵਾਰ ਵਜੋਂ ਵੇਖਣਾ ਚਾਹੁੰਦੇ ਹਨ। ਦੂਸਰਾ ਨਾਭਾ ਹਲਕੇ ਦੇ ਸਾਬਕਾ ਵਿਧਾਇਕ ਤੇ ਮੋਜੂਦਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦਾ ਵਿਧਾਇਕ ਧਰਮਸੋਤ ਨਾਲ 36 ਦਾ ਅੰਕੜਾ ਹੈ ਜਿਸ ਕਾਰਨ ਕਾਕਾ ਰਣਦੀਪ ਸਿੰਘ ਵੀ ਇਸ ਹਲਕੇ ਤੋਂ ਮੱਖਣ ਸਿੰਘ ਲਾਲਕਾ ਨੂੰ ਟਿਕਟ ਦਿਵਾਉਣ ਦੇ ਹੱਕ ’ਚ ਹਨ।
ਲੰਮਾਂ ਸਮਾਂ ਸ਼੍ਰੋਮਣੀ ਅਕਾਲੀ ਦਲ ’ਚ ਕੰਮ ਕਰ ਚੁੱਕੇ ਮੱਖਣ ਸਿੰਘ ਲਾਲਕਾ ਦਾ ਇਲਾਕੇ ’ਚ ਅਸਰ ਰਸੂਖ ਹੈ ਅਤੇ ਬਹੁਤ ਸਾਰੇ ਅਕਾਲੀ ਆਗੂ ਅੱਜ ਵੀ ਲਾਲਕਾ ਦੇ ਸੰਪਰਕ ’ਚ ਹਨ ਜਿਹੜੇ 2022 ਦੀਆਂ ਚੋਣਾਂ ’ਚ ਲਾਲਕਾ ਦੇ ਸਮਰਥਨ ਦੇ ਸਕਦੇ ਹਨ।