21 ਸਾਲ ਬਾਅਦ ਮੁੜ ਭਾਰਤ ‘ਚ ‘ਮਿਸ ਯੂਨੀਵਰਸ’ ਦਾ ਤਾਜ ਲਿਆਂਦਾ ਗਿਆ ਹੈ। ਗੁਰਦਾਸਪੁਰ ਦੀ ਹਰਨਾਜ਼ ਸੰਧੂ ਨੇ ਭਾਰਤ ਦੇ ਨਾਂ ਇਹ ਵੱਡੀ ਉਪਲਬਧੀ ਕਰਵਾਈ ਹੈ ।ਹੁਣ ਜੇਕਰ ਮਿਸ ਯੂਨੀਵਰਸ ਨੂੰ ਪਹਿਨਾਏ ਜਾਣ ਵਾਲੇ ਤਾਜ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਸੁਣ ਕੇ ਤੁਸੀਂ ਸਭ ਹੈਰਾਨ ਹੋ ਜਾਵੋਗੇ।ਇਸ ਤਾਜ ਦੀ ਕੀਮਤ 5 ਮਿਲੀਅਨ ਅਮਰੀਕੀ ਡਾਲਰ, ਯਾਨੀ ਲਗਭਗ 37 ਕਰੋੜ ਰੁਪਏ ਹੈ।ਮਿਸ ਯੂਨੀਵਰਸ ਦਾ ਤਾਜ ਸਮੇਂ-ਸਮੇਂ ਸਿਰ ਬਦਲਿਆ ਜਾਂਦਾ ਹੈ ਅਤੇ ਸਾਲ 2021 ਵਿੱਚ ਹਰਨਾਜ਼ ਸੰਧੂ ਨੇ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਾਜ ਪਹਿਨਿਆ ਹੈ।
ਜੇਕਰ ਤਾਜ ਦੀ ਸਜਾਵਟ ਦੀ ਗੱਲ ਕੀਤੀ ਜਾਵੇ ਤਾਂ ਇਸਨੂੰ 18 ਕੈਰੇਟ ਸੋਨੇ, 1770 ਹੀਰਿਆਂ ਨਾਲ ਤਿਆਰ ਕੀਤਾ ਗਿਆ ਹੈ, ਜਿਸ ਦੇ ਵਿਚਕਾਰ 62.83 ਕੈਰਟ ਦਾ ਇਕ ਸ਼ਿਲਡ-ਕੱਟ ਸੁਨਹਿਰੀ ਕੈਨਰੀ ਹੀਰਾ ਹੈ। ਤਾਜ ’ਚ ਪੱਤਿਆਂ ਤੇ ਵੇਲਾਂ ਦੇ ਡਿਜ਼ਾਈਨ ਸੱਤ ਮਹਾਦੀਪਾਂ ਦੇ ਭਾਈਚਾਰਿਆਂ ਨੂੰ ਦਰਸਾਉਂਦੇ ਹਨ।

ਮਿਸ ਯੂਨੀਵਰਸ ਸੰਸਥਾ ਕਦੇ ਵੀ ਮਿਸ ਯੂਨੀਵਰਸ ਦੀ ਇਨਾਮੀ ਰਾਸ਼ੀ ਦਾ ਖ਼ੁਲਾਸਾ ਨਹੀਂ ਕਰਦੀ ਪਰ ਕਿਹਾ ਜਾਂਦਾ ਹੈ ਕਿ ਇਹ ਲੱਖਾਂ ਰੁਪਏ ਦਾ ਇਨਾਮ ਹੁੰਦਾ ਹੈ। ਆਉ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਿਸ ਯੂਨੀਵਰਸ ਕਿਹਨਾਂ ਸਹੂਲਤਾਂ ਦੀ ਹੱਕਦਾਰ ਹੁੰਦੀ ਹੈ।ਮਿਸ ਯੂਨੀਵਰਸ ਨੂੰ ਨਿਊਯਾਰਕ ’ਚ ਮਿਸ ਯੂਨੀਵਰਸ ਅਪਾਰਟਮੈਂਟਸ ’ਚ ਇੱਕ ਸਾਲ ਲਈ ਰਹਿਣ ਦੀ ਖੁੱਲ੍ਹੀ ਇਜਾਜ਼ਤ ਹੈ। ਉਸ ਨੇ ਇਹ ਅਪਾਰਟਮੈਂਟ ਮਿਸ ਯੂ. ਐੱਸ. ਏ. ਨਾਲ ਸਾਂਝਾ ਕਰਨਾ ਹੁੰਦਾ ਹੈ। ਇਕ ਸਾਲ ਦੇ ਇਸ ਸਮੇਂ ’ਚ ਮਿਸ ਯੂਨੀਵਰਸ ਲਈ ਇਥੇ ਸਾਰੀਆਂ ਚੀਜ਼ਾਂ ਦੀ ਸਹੂਲਤ ਦਿੱਤੀ ਜਾਂਦੀ ਹੈ।ਮਿਸ ਯੂਨੀਵਰਸ ਨੂੰ ਸਹਾਇਕ ਤੇ ਮੇਕਅੱਪ ਕਲਾਕਾਰਾਂ ਦੀ ਟੀਮ ਦਿੱਤੀ ਜਾਂਦੀ ਹੈ।

ਤੁਹਾਨੂੰ ਦਸਦੇਈਏ ਕਿ 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ‘ਚ ਹੋਇਆ ਸੀ। ਇਸ ਮੁਕਾਬਲੇ ਦੇ ਮੁੱਢਲੇ ਪੜਾਅ ‘ਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ ਸੀ। ਜਿਨ੍ਹਾਂ ‘ਚੋ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਤਾਜ ਆਪਣੇ ਨਾਂ ਕਰ ਲਿਆ ਹੈ।
