ਅੱਜ ਪੰਜਾਬ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 72ਵਾਂ ਜਨਮਦਿਨ ਡਿਗਰੀਆਂ ਹਾਸਲ ਕਰਨ ਉਪਰੰਤ ਨੌਕਰੀਆਂ ਦੀ ਭਾਲ ‘ਚ ਬੇਰੁਜ਼ਗਾਰ ਫਿਰ ਰਹੇ ਨੌਜਵਾਨਾਂ ਨਾਲ ਕੇਕ ਕੱਟ ਕੇ ਮਨਾਇਆ। ਇਸ ਮੌਕੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਸ. ਬਰਿੰਦਰ ਢਿੱਲੋਂ ਨੇ ਕਿਹਾ ਕਿ ਇਹ ਬੜਾ ਹੀ ਦੁਖਦਾਈ ਹੈ ਕਿ ਸਿੱਖਿਆ ‘ਤੇ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਵੀ ਅੱਜ ਦੇ ਨੌਜਵਾਨਾਂ ਨੂੰ ਗੈਰ-ਹੁਨਰਮੰਦ ਮਜ਼ਦੂਰੀ ਕਰਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਰੁਜ਼ਗਾਰ ਬਿਊਰੋ ਦੇ ਅੰਕੜਿਆਂ ਤੋਂ ਇਸ ਤੱਥ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਕਿ ਅੱਜ ਬੇਰੁਜ਼ਗਾਰੀ ਦੀ ਦਰ 65 ਸਾਲਾਂ ਨਾਲੋਂ ਸਭ ਤੋਂ ਵੱਧ ਹੈ।

ਸ. ਢਿੱਲੋਂ ਨੇ ਕਿਹਾ ਕਿ ਮੰਦੀ ਦੇ ਸਮੇਂ ਦੌਰਾਨ ਜਦੋਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਉਸ ਸਮੇਂ ਵੀ ਬੇਰੁਜ਼ਗਾਰੀ ਦੀ ਦਰ ਇੰਨੀ ਉੱਚੀ ਨਹੀਂ ਗਈ ਸੀ। ਉਹਨਾਂ ਕਿਹਾ ਕਿ ਅੱਜ ਦੇਸ਼ ਦਾ ਬੇਰੁਜ਼ਗਾਰ ਨੌਜਵਾਨ ਸਰਕਾਰੀ ਜਾਂ ਪ੍ਰਾਈਵੇਟ ਖੇਤਰ ‘ਚ ਨੌਕਰੀ ਨਾ ਮਿਲਣ ਕਾਰਨ ਖ਼ੁਦਕੁਸ਼ੀ ਕਰਨ ਜਾਂ ਅਪਰਾਧ ਕਰਨ ਲਈ ਮਜਬੂਰ ਹੋ ਚੁੱਕਿਆ ਹੈ, ਇਸ ਲਈ ਅੱਜ ਭਾਰਤ ਮੋਦੀ ਜੀ ਦੇ ਜਨਮ ਦਿਨ ਨੂੰ ਬੇਰੁਜ਼ਗਾਰ ਦਿਵਸ ਵਜੋਂ ਮਨਾ ਰਿਹਾ ਹੈ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਜੀ ਨੇ ਆਪਣੀ ਟੀਮ ਅਤੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਸਮੇਤ ਚੰਡੀਗੜ੍ਹ ਦੇ ਸੈਕਟਰ 17 ਵਿੱਚ ਚਾਹ ਤੇ ਪਕੌੜੇ ਵੇਚ ਕੇ ਅਤੇ ਜੁੱਤੀਆਂ ਪਾਲਿਸ਼ ਕਰ ਕੇ ਆਪਣੇ ਰੋਸ ਵੀ ਉਜਾਗਰ ਕੀਤਾ। ਉਹਨਾਂ ਕਿਹਾ ਕਿ ਬੇਸ਼ੱਕ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ, ਪਰ ਹੁਨਰਮੰਦ ਹੁੰਦੇ ਹੋਏ ਵੀ ਨੌਜਵਾਨਾਂ ਨੂੰ ਗੈਰ-ਹੁਨਰਮੰਦ ਕੰਮ ਕਰਨਾ ਉਹਨਾਂ ਨੂੰ ਉਦਾਸੀ ਵੱਲ ਲੈ ਜਾਂਦਾ ਹੈ।

ਸ. ਢਿੱਲੋਂ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਨਾਲ ਭਾਜਪਾ ਮੋਦੀ ਜੀ ਨੂੰ ਦੇਸ਼ ਦਾ ਸੇਵਕ ਸਿੱਧ ਕਰਨ ਚ ਲੱਗੀ ਹੋਈ ਹੈ, ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਮੋਦੀ ਜੀ ਕਿਸ ਤਰ੍ਹਾਂ ਨਾਲ ਦੇਸ਼ ਨੂੰ ਬਰਬਾਦ ਕਰ ਰਹੇ ਹਨ। ਸ. ਢਿੱਲੋਂ ਨੇ ਕਿਹਾ ਕਿ ਮੋਦੀ ਜੀ ਨੇ ਦੇਸ਼ ਦਾ ਸਾਰਾ ਕਾਰੋਬਾਰ ਆਪਣੇ 2 ਸਾਥੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਜਦ ਕਿ ਦੇਸ਼ ਦੇ ਨੌਜਵਾਨਾਂ, ਜਿਨ੍ਹਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਨੂੰ ਨਿਰਾਸ਼ ਕੀਤਾ ਹੈ।












