ਨਵੀਂ ਦਿੱਲੀ: ਦੇਸ਼ ਦੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਮੋਦੀ ਸਰਕਾਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੋਂ ਪੱਲਾ ਝਾੜ ਦਿੱਤਾ ਹੈ। ਖੇਤੀ ਮੰਤਰੀ ਤੋਮਰ ਨੇ ਕਿਹਾ ਕਿ ਸਾਡੇ ਕੋਲ ਅੰਦੋਲਨ ‘ਚ ਮਾਰੇ ਗਏ ਕਿਸੀ ਵੀ ਕਿਸਾਨ ਦਾ ਰਿਕਾਰਡ ਨਹੀਂ ਹੈ ਇਸਲਈ ਮੁਆਵਜ਼ਾ ਦੇਣ ਦਾ ਸਵਾਲ ਨਹੀਂ ਉੱਠਦਾ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਲੋਕ ਸਭਾ ’ਚ ਸੰਸਦ ਮੈਂਬਰਾਂ ਦੇ ਇਕ ਸਮੂਹ ਵਲੋਂ ਖੇਤੀ ਕਾਨੂੰਨਾਂ ਦੇ ਅੰਦੋਲਨ ’ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਵਿਚ ਇਹ ਗੱਲ ਆਖੀ।
ਜ਼ਿਕਰਯੋਗ ਹੈ ਕਿ ਲੋਕਸਭਾ ‘ਚ ਪੁੱਛਿਆ ਗਿਆ ਸੀ ਕਿ ਕੀ ਸਰਕਾਰ ਦੇ ਕੋਲ ਕੋਈ ਡਾਟਾ ਹੈ ਕਿ ਕਿੰਨੇ ਕਿਸਾਨਾਂ ਦੀ ਅੰਦੋਲਨ ਦੌਰਾਨ ਮੌਤ ਹੋਈ ਹੈ ਅਤੇ ਕੀ ਸਰਕਾਰ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇਗੀ। ਸੰਸਦ ਮੈਂਬਰ ਅੰਦੋਲਨ ਦੇ ਸਬੰਧ ਵਿਚ ਕਿਸਾਨਾਂ ਖ਼ਿਲਾਫ਼ ਦਰਜ ਮਾਮਲਿਆਂ ਦੀ ਗਿਣਤੀ ਵੀ ਜਾਣਨਾ ਚਾਹੁੰਦੇ ਸਨ। ਮੰਤਰੀ ਨੇ ਇਸ ’ਤੇ ਸਪੱਸ਼ਟ ਉੱਤਰ ਦਿੱਤਾ ਸੀ ਕਿ ਇਸ ਮਾਮਲੇ ਵਿਚ ਉਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਹੈ, ਇਸ ਲਈ ਵਿੱਤੀ ਮਦਦ ਪ੍ਰਦਾਨ ਕਰਨ ਦਾ ਪ੍ਰਸ਼ਨ ਹੀ ਨਹੀਂ ਉਠਦਾ।