ਪਟਿਆਲਾ, 25 ਮਾਰਚ: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦਾ ਸਰਕਾਰੀ ਮੈਡੀਕਲ ਕਾਲਜ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ ਦੀ ਸੂਚੀ ‘ਚ ਸ਼ੁਮਾਰ ਹੋਵੇਗਾ, ਜਿਸ ਲਈ ਪੰਜਾਬ ਸਰਕਾਰ ਵੱਲੋਂ ਉਲੀਕੀ ਯੋਜਨਾ ‘ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨਸ਼ੇ ਦੀ ਲਤ ਦੇ ਸ਼ਿਕਾਰ ਲੋਕਾਂ ਦੇ ਮੁੜ ਵਸੇਬੇ ਲਈ ਇਕ ਵਿਸ਼ੇਸ਼ ਯੋਜਨਾ ਉਲੀਕੀ ਜਾ ਰਹੀ ਹੈ ਜਿਸ ਨਾਲ ਅਜਿਹੇ ਵਿਅਕਤੀ ਜੇਲਾਂ ‘ਚ ਜਾਣ ਦੀ ਥਾਂ ਹੁਨਰਮੰਦ ਬਣਕੇ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨਗੇ।
ਡਾ. ਬਲਬੀਰ ਸਿੰਘ ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ‘ਚ ਮਰੀਜਾਂ ਨੂੰ ਵਿਸ਼ਵ ਪੱਧਰੀ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ ਅਤੇ ਉਨ੍ਹਾਂ ਨੇ ਮਰੀਜਾਂ, ਜਿਨ੍ਹਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ‘ਚੋਂ ਮਿਲ ਰਹੀਆਂ ਹਨ, ਨਾਲ ਗੱਲਬਾਤ ਕਰਕੇ ਪ੍ਰਦਾਨ ਕੀਤੀਆ ਜਾ ਰਹੀਆਂ ਮੈਡੀਕਲ ਸੇਵਾਵਾਂ ‘ਤੇ ਤਸੱਲੀ ਦਾ ਇਜ਼ਹਾਰ ਕੀਤਾ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਸਰਕਾਰੀ ਮੈਡੀਕਲ ਕਾਲਜ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਕਰਦਿਆਂ ਮੈਡੀਕਲ ਕਾਲਜ ਨੂੰ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ ‘ਚ ਸ਼ੁਮਾਰ ਕਰਨ ਲਈ ਬਣਾਈ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਉੱਚ ਪੱਧਰੀ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਮੈਡੀਕਲ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਤੇ ਵਧੀਕ ਸਕੱਤਰ ਰਾਹੁਲ ਗੁਪਤਾ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਤੇ ਸਾਰੇ ਸਰਕਾਰੀ ਹਸਪਤਾਲਾਂ ‘ਚ ਬਿਹਤਰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਮਾਡਲ ਮੈਡੀਕਲ ਕਾਲਜ ਤੇ ਹਸਪਤਾਲ ਬਣਾਏ ਜਾ ਰਹੇ ਹਨ ਤੇ ਇਹ ਮਾਡਲ ਸਾਰੇ ਪੰਜਾਬ ‘ਚ ਲਾਗੂ ਹੋਣਗੇ। ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਦੇ ਸਾਰੇ ਉਪਰੇਸ਼ਨ ਥਇਏਟਰ, ਨਵਜੰਮੇ ਬੱਚਿਆਂ ਲਈ ਹਸਪਤਾਲ, ਲੇਬਰ ਰੂਮ ਸਮੇਤ ਓਪੀਡੀ ਸੇਵਾਵਾਂ ਨੂੰ ਵਿਸ਼ਵ ਪੱਧਰੀ ਤੇ ਕੰਪਿਊਟਰ ਨਾਲ ਜੋੜਕੇ ਈ-ਹਸਪਤਾਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਗਵਾਚੀ ਸ਼ਾਖ ਬਹਾਲ ਕਰਨ ਅਤੇ ਇਸ ਦੀ ਐਮਰਜੈਂਸੀ ਨੂੰ ਸਭ ਤੋਂ ਬਿਹਤਰ ਐਮਰਜੈਂਸੀ ਬਣਾਉਣ ਲਈ ਡਾ. ਸੁਧੀਰ ਵਰਮਾ ਦੀ ਅਗਵਾਈ ਹੇਠ ਗਠਿਤ 9 ਮੈਂਬਰੀ ਉੱਚ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਐਮਰਜੈਂਸੀ ਦੇ ਨਵੀਨੀਕਰਨ ਦਾ ਕੰਮ ਬਹੁਤ ਤੇਜੀ ਨਾਲ ਚੱਲ ਰਿਹਾ ਹੈ ਤੇ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਇੱਥੇ 14 ਆਈ.ਸੀ.ਯੂ. ਬੈਡ ਹੀ ਸਨ ਪਰ ਹੁਣ 17 ਹੋਰ ਅਜਿਹੇ ਜਿੰਦਗੀ ਬਚਾਉਣ ਵਾਲੇ ਬੈਡ ਨਵੇਂ ਲਗਾਏ ਗਏ ਹਨ ਤਾਂ ਕਿ ਮਰੀਜਾਂ ਨੂੰ ਵੈਂਟੀਲੇਟਰ ਬੈਡ ਮਿਲ ਸਕਣ, ਇਸ ਤਰ੍ਹਾਂ 100 ਬਿਸਤਰਿਆਂ ਵਾਲੀ ਨਵੀਂ ਐਮਰਜੈਂਸੀ ਬਣ ਗਈ ਹੈ।
ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ‘ਚ ਖੋਜ ਦਾ ਕੰਮ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਬਿਮਾਰੀਆਂ ਦੇ ਸ਼ਿਕਾਰ ਕਿਉਂ ਹੋ ਰਹੇ ਹਨ ਦਾ ਪਤਾ ਲਗਾ ਕੇ ਸੂਬੇ ਨੂੰ ਸਿਹਤਮੰਦ ਤੇ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਨੇ ਇਸ ਮੌਕੇ ਰਾਜਿੰਦਰਾ ਹਸਪਤਾਲ ‘ਚ ਲੋੜੀਂਦੀਆਂ ਦਵਾਈਆਂ, ਮਸ਼ੀਨਾਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਅਤੇ ਡਾਕਟਰਾਂ ਦੀ ਸੁਰੱਖਿਆ ਆਦਿ ਬਾਰੇ ਵੀ ਚਰਚਾ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਸਮੁੱਚੇ ਸਿਸਟਮ ਨੂੰ ਪਾਰਦਰਸ਼ੀ ਤੇ ਕੁਸ਼ਲ ਬਣਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੈ।