ਪਾਕਿਸਤਾਨ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਹੜ੍ਹਾਂ ਕਾਰਨ ਹੁਣ ਤੱਕ 937 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਰਨ ਵਾਲਿਆਂ ਵਿੱਚ 343 ਬੱਚੇ ਵੀ ਸ਼ਾਮਲ ਹਨ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 14 ਜੂਨ ਤੋਂ ਹੁਣ ਤੱਕ ਸਿੰਧ ਸੂਬੇ ਵਿੱਚ 306 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਹੈ।

NDMA ਦੇ ਅਨੁਸਾਰ, ਪਾਕਿਸਤਾਨ ਵਿੱਚ ਅਗਸਤ ਮਹੀਨੇ ਵਿੱਚ 241% ਜ਼ਿਆਦਾ ਮੀਂਹ ਪਿਆ। ਇੱਥੇ ਔਸਤਨ 166.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦੋਂ ਕਿ ਹਰ ਸਾਲ ਔਸਤਨ 48 ਮਿਲੀਮੀਟਰ ਵਰਖਾ ਹੁੰਦੀ ਹੈ। ਸਿੰਧ ਵਿੱਚ 784% ਅਤੇ ਬਲੋਚਿਸਤਾਨ ਵਿੱਚ 496% ਵੱਧ ਮੀਂਹ ਪਿਆ। ਸਿੰਧ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਹੈ।

ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਕਰੀਬ 3 ਕਰੋੜ ਲੋਕ ਬੇਘਰ ਹੋ ਗਏ ਹਨ। ਲੋਕਾਂ ਕੋਲ ਖਾਣ ਲਈ ਕੁਝ ਨਹੀਂ ਹੈ। ਬਲੋਚਿਸਤਾਨ ਸੂਬੇ ਦੇ ਪ੍ਰਸ਼ਾਸਨ ਨੇ ਲੋਕਾਂ ਦੇ ਰਹਿਣ ਲਈ 1 ਲੱਖ ਟੈਂਟਾਂ ਦੀ ਮੰਗ ਕੀਤੀ ਹੈ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਹੜ੍ਹਾਂ ਕਾਰਨ 82,000 ਘਰਾਂ ਨੂੰ ਨੁਕਸਾਨ ਪੁੱਜਾ ਹੈ। ਦੂਜੇ ਦੇਸ਼ਾਂ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।












